ਗੁਰਦਾਸਪੁਰ : ਪੈਟਰੋਲ ਪੰਪ ‘ਤੇ ਖੜ੍ਹਾ ਟਰੱਕ ਹੋਇਆ ਚੋਰੀ, 3 ਧੀਆਂ ਦੇ ਪਿਓ ਨੇ ਬਿਆਨ ਕੀਤਾ ਦਰਦ

0
8291

ਗੁਰਦਾਸਪੁਰ, 19 ਫਰਵਰੀ | ਦੇਰ ਰਾਤ ਗੁਰਦਾਸਪੁਰ ਦੇ ਕਲਾਨੌਰ ਥਾਣੇ ਅਧੀਨ ਆਉਂਦੇ ਇਕ ਪੈਟਰੋਲ ਪੰਪ ਉੱਪਰ ਖੜ੍ਹੇ ਟਰੱਕ ਨੂੰ ਚੋਰ ਅੱਧੀ ਰਾਤ ਨੂੰ ਚੋਰ ਚੋਰੀ ਕਰਕੇ ਲੈ ਗਏ। ਟਰੱਕ ਤੋਂ ਹੀ ਮਾਲਕ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। 3 ਧੀਆਂ ਦਾ ਪਿਓ ਬੇਬੱਸ ਹੋ ਚੁੱਕਾ ਹੈ, ਉਸ ਅਨੁਸਾਰ ਉਸ ਦੇ ਘਰ ਦਾ ਚੁੱਲ੍ਹਾ ਵੀ ਬਲਣਾ ਬੰਦ ਹੋ ਗਿਆ ਹੈ, ਜਿਸ ਦਿਨ ਇਸਦਾ ਟਰੱਕ ਚੋਰੀ ਹੋਇਆ। ਉਸੇ ਦਿਨ ਹੀ ਉਸਦੀ ਵੱਡੀ ਧੀ ਦਾ ਵਿਆਹ ਸੀ ਅਤੇ ਧੀ ਦੇ ਵਿਆਹ ਲਈ ਹੀ ਉਹ ਕੁਝ ਦਿਨਾਂ ਤੋਂ ਆਪਣੇ ਟਰੱਕ ਸਮੇਤ ਪਿੰਡ ਆਇਆ ਸੀ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਜਿਸ ਟਰੱਕ ਦੇ ਸਿਰ ਉਤੇ ਉਸਦੇ ਪਰਿਵਾਰ ਦਾ ਗੁਜ਼ਾਰਾ ਤੇ ਧੀਆਂ ਦੀ ਪੜ੍ਹਾਈ ਚੱਲ ਰਹੀ ਹੈ, ਉਹ ਚੋਰੀ ਹੋ ਜਾਵੇਗਾ। ਉਸ ਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗ ਗਿਆ ਹੈ ਕਿ ਚੋਰਾਂ ਦੀ ਗਿਣਤੀ 2 ਸੀ ਪਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵੀ ਪੁਲਿਸ ਇਨ੍ਹਾਂ ਚੋਰਾਂ ਤੱਕ ਪੁੱਜ ਨਹੀਂ ਪਾਈ।

ਪਿਤਾ ਨੇ ਜਦੋਂ ਐਸਐਸਪੀ ਗੁਰਦਾਸਪੁਰ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਤਾਂ ਐਸਐਸਪੀ ਗੁਰਦਾਸਪੁਰ ਨੇ ਭਰੋਸਾ ਦਿੱਤਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਪੀੜਤ ਹਰਜੀਤ ਸਿੰਘ ਦਾ ਚੋਰੀ ਹੋਇਆ ਟਰੱਕ ਉਨ੍ਹਾਂ ਨੂੰ ਵਾਪਸ ਦਿਵਾਇਆ ਜਾਵੇ। ਹਰਜੀਤ ਸਿੰਘ ਦੀ ਧੀ ਦਾ ਕਹਿਣਾ ਹੈ ਕਿ ਇਹ ਟਰੱਕ ਉਨ੍ਹਾਂ ਦੇ ਪਿਤਾ ਦੇ ਰੁਜ਼ਗਾਰ ਦਾ ਇਕੋ ਇਕ ਸਹਾਰਾ ਸੀ ਜੋ ਚੋਰੀ ਹੋ ਗਿਆ। ਉਸ ਨੇ ਭਰੇ ਮਨ ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਉਸਦੇ ਪਿਤਾ ਦਾ ਟਰੱਕ ਨਜ਼ਰ ਆਵੇ ਤਾਂ ਉਹ ਸਥਾਨਕ ਪੁਲਿਸ ਜਾਂ ਫਿਰ ਉਨ੍ਹਾਂ ਨਾਲ ਸੰਪਰਕ ਕਰਨ।