ਗੁਰਦਾਸਪੁਰ : ਬੱਚਿਆਂ ਤੋਂ ਸ਼ੁਰੂ ਹੋਈ ਲੜਾਈ ਨੇ ਧਾਰਿਆ ਭਿਆਨਕ ਰੂਪ, ਚੱਲੀਆਂ ਗੋਲ਼ੀਆਂ, 3 ਗੰਭੀਰ ਜ਼ਖਮੀ

0
2391

ਗੁਰਦਾਸਪੁਰ, 8 ਨਵੰਬਰ| ਕਸਬਾ ਧੰਦੋਈ ਵਿਖੇ ਦੇਰ ਸ਼ਾਮ ਮਾਹੌਲ ਉਸ ਸਮੇਂ ਦਹਿਸ਼ਤ ਭਰਿਆ ਹੋ ਗਿਆ, ਜਦੋਂ ਸਰਦੂਲ ਸਿੰਘ ਵਾਸੀ ਬਰਿਆਰ, ਜੋ ਧੰਦੋਈ ਵਿਚ ਬੂਟਾਂ ਦੀ ਦੁਕਾਨ ਕਰਦਾ ਹੈ, ਉਸਦੀ ਅਤੇ ਪਿੰਡ ਘਸ ਦੇ ਰਹਿਣ ਵਾਲੇ ਹਰਨੇਕ ਸਿੰਘ ਵਿਚ ਆਪਸੀ ਲੜਾਈ ਦੌਰਾਨ ਦੋਵਾਂ ਨੇ ਇਕ ਦੂਸਰੇ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

ਇਸ ਹਮਲੇ ਵਿਚ ਸਰਦੂਲ ਸਿੰਘ ਅਤੇ ਉਸਦਾ ਬੇਟਾ ਤਾਂ ਜ਼ਖਮੀ ਹੋਏ ਹੀ, ਦੂਸਰੀ ਧਿਰ ਦਾ ਹਰੇਨਕ ਸਿੰਘ ਵੀ ਜ਼ਖਮੀ ਹੋ ਗਿਆ। ਤਿੰਨਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਿਲ ਕਰਵਾਇਆ ਗਿਆ। ਝਗੜੇ ਦਾ ਕਾਰਨ ਇਹ ਸਾਹਮਣੇ ਆਇਆ ਕੇ ਦੋ ਸਾਲ ਪਹਿਲਾਂ ਦੋਵਾਂ ਧਿਰਾਂ ਦੇ ਬੱਚਿਆਂ ਦੌਰਾਨ ਝਗੜਾ ਹੋਇਆ ਸੀ ਅਤੇ ਹੁਣ ਉਸੇ ਝਗੜੇ ਦੀ ਰੰਜਿਸ਼ ਤਹਿਤ ਦੋ ਸਾਲ ਬਾਅਦ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਸੂਚਨਾ ਮੁਤਾਬਿਕ ਝਗੜੇ ਦੌਰਾਨ ਹਵਾਈ ਫਾਇਰਿੰਗ ਵੀ ਕੀਤੀ ਗਈ।

ਉਥੇ ਹੀ ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਗੋਲੀ ਕਿਸੇ ਦੇ ਨਹੀਂ ਲੱਗੀ ਪਰ ਤੇਜ਼ਧਾਰ ਹਥਿਆਰਾਂ ਦੇ ਵਾਰਾਂ ਨਾਲ ਜ਼ਖਮੀ ਹੋਏ ਤਿੰਨ ਲੋਕਾਂ ਨੂੰ ਇਲਾਜ ਲਈ ਲਿਆਂਦਾ ਗਿਆ ਹੈ, ਜਿਸ ਵਿਚੋਂ ਇਕ ਗੰਭੀਰ ਜ਼ਖਮੀ ਸੀ, ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਦੋਵੇਂਂ ਜ਼ਖਮੀ ਸਿਵਲ ਹਸਪਤਾਲ ਬਟਾਲਾ ਵਿੱਚ ਇਲਾਜ ਅਧੀਨ ਹਨ।