ਗੁਰਦਾਸਪੁਰ : ਕਾਰ ਬੈਲੇਂਸ ਵਿਗੜਨ ਨਾਲ ਦਰੱਖਤ ‘ਚ ਵੱਜੀ, ਚਾਲਕ ਨੌਜਵਾਨ ਦੀ ਮੌਕੇ ‘ਤੇ ਮੌ.ਤ

0
868

ਗੁਰਦਾਸਪੁਰ/ਦੀਨਾਨਗਰ, 12 ਫਰਵਰੀ | ਬੀਤੀ ਰਾਤ ਸੜਕ ਹਾਦਸੇ ‘ਚ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ੁਭਮ ਸੈਣੀ 29 ਸਾਲ ਪੁੱਤਰ ਰਾਜਨ ਸੈਣੀ ਵਾਸੀ ਦੋਦਵਾਂ ਦੇ ਰੂਪ ‘ਚ ਹੋਈ ਹੈ ਜੋ ਕਿ ਕਿਸੇ ਵਿਆਹ ਸਮਾਗਮ ‘ਚੋਂ ਆਪਣੀ ਕਾਰ ਰਾਹੀਂ ਵਾਪਸ ਪਿੰਡ ਪਰਤ ਰਿਹਾ ਸੀ।

ਪਿੰਡ ਅਵਾਂਖਾ ਪਾਰ ਕਰਦਿਆਂ ਹੀ ਉਸਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸੜਕ ਕੰਢੇ ਇਕ ਦਰੱਖਤ ਨਾਲ ਟਕਰਾਅ ਗਈ। ਰਾਤ ਢਾਈ ਵਜੇ ਦਾ ਸਮਾਂ ਹੋਣ ਕਾਰਨ ਹਾਦਸੇ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕਿਆ ਜਦੋਂ ਸਵੇਰੇ ਲੋਕ ਸੈਰ ਕਰਨ ਲਈ ਬਾਹਰ ਨਿਕਲੇ ਤਾਂ ਹਾਦਸਾਗ੍ਰਾਸਤ ਕਾਰ ਅਤੇ ਉਸ ਵਿਚ ਇਕ ਨੌਜਵਾਨ ਵੇਖਿਆ ਤਾਂ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਪਰ ਉਦੋਂ ਤੱਕ ਸ਼ੁਭਮ ਦੀ ਮੌਤ ਹੋ ਚੁੱਕੀ ਸੀ।

ਫਿਲਹਾਲ ਪੁਲਿਸ ਨੇ ਹਾਦਸਾਗ੍ਰਸਤ ਕਾਰ ਤੇ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਲਿਆ ਹੈ। ਡੇਢ ਕੁ ਮਹੀਨੇ ਪਹਿਲਾਂ ਇਟਲੀ ਤੋਂ ਪਰਤੇ ਸ਼ੁਭਮ ਦੇ ਘਰ ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। 2 ਮਹੀਨੇ ਬਾਅਦ ਉਸਦਾ ਵਿਆਹ ਹੋਣਾ ਸੀ। ਦੂਜੇ ਪਾਸੇ ਹਾਦਸੇ ਸਮੇਂ ਕਾਰ ਦਾ ਏਅਰਬੈਗ ਵੀ ਖੁੱਲ੍ਹ ਗਿਆ ਸੀ ਅਤੇ ਜਦੋਂ ਸਵੇਰੇ ਲੋਕਾਂ ਨੇ ਵੇਖਿਆ ਤਾਂ ਸ਼ੁਭਮ ਮ੍ਰਿਤਕ ਹਾਲਤ ਵਿਚ ਡਰਾਇਵਰ ਨਾਲ ਸੀ ਤੇ ਸੀਟ ਉਤੇ ਡਿੱਗਾ ਸੀ।