ਗੁਰਦਾਸਪੁਰ : ਰਿਸ਼ਤੇਦਾਰਾਂ ਨੂੰ ਮਿਲ ਕੇ ਪਰਿਵਾਰ ਨਾਲ ਘਰ ਆ ਰਹੇ ਕਾਰ ਸਵਾਰ ‘ਤੇ ਅੰਨ੍ਹੇਵਾਹ ਫਾਇਰਿੰਗ, ਗੰਭੀਰ ਜ਼ਖਮੀ

0
2430

ਦੀਨਾਨਗਰ, 3 ਦਸੰਬਰ| ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਥਾਣਾ ਬਹਿਰਾਮਪੁਰ ਦੇ ਖੇਤਰ ਵਿੱਚ 12 ਬੋਰ ਦੀ ਰਾਈਫਲ ਤੋਂ ਫਾਇਰਿੰਗ ਕਰਕੇ ਇੱਕ ਕਾਰ ਸਵਾਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਹਿਰਾਮਪੁਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਰਮੇਸ਼ ਕੁਮਾਰ ਪੁੱਤਰ ਸ਼ਿਵ ਲਾਲ ਵਾਸੀ ਹਰੀਜਨ ਕਾਲੋਨੀ ਨਵਾਂ ਟਾਂਡਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਆਪਣੀ ਕਾਰ ‘ਚ ਸਵਾਰ ਹੋ ਕੇ ਆ ਰਿਹਾ ਸੀ ਨਾਲ ਉਸਦੀ ਪਤਨੀ ਅਤੇ ਛੋਟਾ ਪੁੱਤਰ ਵੀ ਸੀ।

ਜਦੋਂ ਕਸਬਾ ਬਹਿਰਾਮਪੁਰ ਤੋਂ 200 ਗਜ਼ ਅੱਗੇ ਪਿੰਡ ਘਕਾਲਾ ਰੋਡ ‘ਤੇ ਪਹੁੰਚਿਆ ਤਾਂ ਇਕ ਸਵਿਫਟ ਕਾਰ ਸੜਕ ਦੇ ਕਿਨਾਰੇ ਖੜ੍ਹੀ ਸੀ, ਜਿਸ ‘ਚ ਉਕਤ ਦੋਸ਼ੀ ਸੌਰਵ, ਅਬੀ ਪੁੱਤਰ ਰਾਕੇਸ਼ ਕੁਮਾਰ, ਗਣੇਸ਼ ਕੁਮਾਰ ਪੁੱਤਰ ਪ੍ਰੇਮ ਚੰਦ, ਮੋਹਿਤ ਪੁੱਤਰ ਰਾਕੇਸ਼ ਕੁਮਾਰ ਵਾਸੀ ਸ. ਬਹਿਰਾਮਪੁਰ ਅਤੇ ਗੋਰਾ ਵਾਸੀ ਕਾਲਾ ਨੰਗਲ, ਬਟਾਲਾ ਖੜ੍ਹੇ ਸਨ।

ਪੀੜਤ ਰਮੇਸ਼ ਕੁਮਾਰ ਨੇ ਦੱਸਿਆ ਕਿ ਗੋਰਾ ਕੋਲ 12 ਬੋਰ ਦੀ ਰਾਈਫਲ ਸੀ, ਜਦੋਂ ਉਹ ਉਸ ਦੇ ਨੇੜਿਓਂ ਲੰਘਣ ਲੱਗਾ ਤਾਂ ਗੋਰਾ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿਚ ਕੁਝ ਗੋਲੀਆਂ ਕਾਰ ਦੇ ਅਗਲੇ ਸ਼ੀਸ਼ੇ ਵਿਚ ਵੱਜੀਆਂ ਅਤੇ 2 ਗੋਲੀਆਂ ਦੇ ਛੱਰੇ ਉਸ ਦੇ ਮੋਢੇ ਅਤੇ ਛਾਤੀ ਵਿਚ ਲੱਗੇ।

ਇਸ ਘਟਨਾ ਦੌਰਾਨ ਉਹ ਆਪਣੀ ਕਾਰ ਛੱਡ ਕੇ ਆਪਣੇ ਪਰਿਵਾਰ ਸਮੇਤ ਘਰ ਪਹੁੰਚ ਗਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ 5 ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਸਾਰੇ ਦੋਸ਼ੀ ਫਰਾਰ ਹਨ ਅਤੇ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।