ਗੁਰਦਾਸਪੁਰ, 16 ਦਸੰਬਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ‘ਤੇ ਪਿੰਡ ਬੱਬੇਹਾਲੀ ਕੋਲ ਦੇਰ ਰਾਤ 2 ਕਾਰਾਂ ਦੀ ਟੱਕਰ ਹੋ ਗਈ, ਜਿਸ ਵਿਚ ਕਾਰ ਸਵਾਰ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਈਕ ਨੂੰ ਬਚਾਉਣ ਦੇ ਚੱਕਰ ਵਿਚ ਗੱਡੀ ਦੂਜੀ ਕਾਰ ਨਾਲ ਟਕਰਾਅ ਗਈ। ਪੁਲਿਸ ਨੇ ਦੋਵੇਂ ਕਾਰਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੇਹਾਂ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਕਾਹਨੂੰਵਾਲ ਵਾਸੀ ਪਤੀ-ਪਤਨੀ ਆਪਣੀ ਬ੍ਰੇਜਾ ਕਾਰ ‘ਤੇ ਸਵਾਰ ਹੋ ਕੇ ਪਠਾਨਕੋਟ ਤੋਂ ਵਿਆਹ ਦੇਖ ਕੇ ਪਰਤ ਰਹੇ ਸਨ ਜਦੋਂ ਉਹ ਪਿੰਡ ਬੱਬੇਹਾਲੀ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਬੇਕਾਬੂ ਮੋਟਰਸਾਈਕਲ ਨੂੰ ਬਚਾਉਂਦੇ ਉਨ੍ਹਾਂ ਦੀ ਕਾਰ ਇਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਸਾਹਮਣੇ ਤੋਂ ਆ ਰਹੀ ਇਨੋਵਾ ਨਾਲ ਜਾ ਟਕਰਾਈ।
ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਬ੍ਰੇਜਾ ਕਾਰ ਵਿਚ ਸਵਾਰ ਪਤੀ-ਪਤਨੀ ਦੀਆਂ ਦੇਹਾਂ ਨੂੰ ਬਹੁਤ ਮੁਸ਼ੱਕਤ ਨਾਲ ਕੱਢਿਆ ਗਿਆ। ਮ੍ਰਿਤਕਾਂ ਦੀ ਪਛਾਣ ਕੈਪਟਨ ਜਰਨੈਲ ਸਿੰਘ ਪੁੱਤਰ ਪਿਆਰਾ ਸਿੰਘ ਤੇ ਰਣਜੀਤ ਕੌਰ ਪਤਨੀ ਕੈਪਟਨ ਜਰਨੈਲ ਸਿੰਘ ਵਜੋਂ ਹੋਈ ਹੈ।
ਦੂਜੇ ਪਾਸੇ ਇਨੋਵਾ ਵਿਚ ਸਵਾਰ ਲੋਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਕਾਰਾਂ ਨੂੰ ਕਬਜ਼ੇ ਵਿਚ ਲੈ ਲਿਆ ਤੇ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।