ਗੁਰਦਾਸਪੁਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਗੁਰਦੁਆਰਾ ਬੀਬੀ ਸੁੰਦਰੀ ਮੇਨ ਰੋਡ ‘ਤੇ ਇਕ ਤੇਜ਼ ਰਫ਼ਤਾਰ ਜੀਪ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ ਜਦਕਿ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਮੁਲਜ਼ਮ ਜੀਪ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਕੁਲਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਗੁਨੋਪੁਰ, ਥਾਣਾ ਭੈਣੀ ਮੀਆਂ ਖਾਂ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਗੁਰਦੀਪ ਸਿੰਘ ਪੁੱਤਰ ਕ੍ਰਿਪਾ ਸਿੰਘ ਆਪਣੀ ਪਤਨੀ ਸੁਰਜੀਤ ਕੌਰ ਵਾਸੀ ਲਾਧੂਪੁਰ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਸ਼ਾਮ ਕਰੀਬ 7.15 ਵਜੇ ਮੁੱਖ ਸੜਕ ਪਾਰ ਕਰਦੇ ਸਮੇਂ ਪੁਰਾਣਾ ਸ਼ਾਲਾ ਸਾਈਡ ਤੋਂ ਤੇਜ਼ ਰਫ਼ਤਾਰ ਪਿਕਅੱਪ ਜੀਪ ਨੇ ਲਾਪ੍ਰਵਾਹੀ ਨਾਲ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਗੁਰਦੀਪ ਸਿੰਘ ਅਤੇ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ।
ਸੁਰਜੀਤ ਕੌਰ ਦੀ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਗੁਰਦੀਪ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਜਾਂਚ ਅਧਿਕਾਰੀ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਜੀਪ ਚਾਲਕ ਰੂਪਾ ਸਿੰਘ ਵਾਸੀ ਭਿੰਡੀ ਸੈਦਾਂ, ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।