ਗੁਰਦਾਸਪੁਰ : ਦਿਮਾਗ ਦੀ ਨਾੜੀ ਫਟਣ ਨਾਲ 27 ਸਾਲ ਦੇ ਨੌਜਵਾਨ ਦੀ ਮੌ.ਤ, ਇਸੇ ਹਫਤੇ ਰਾਜਵਿੰਦਰ ਨੇ ਜਾਣਾ ਸੀ ਕੈਨੇਡਾ

0
1289

ਗੁਰਦਾਸਪੁਰ, 22 ਦਸੰਬਰ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਵਿਚ ਰਹਿੰਦੇ ਨੌਜਵਾਨ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਕੁਝ ਦਿਨਾਂ ਤੱਕ ਉਸ ਨੇ ਕੈਨੇਡਾ ਜਾਣਾ ਸੀ।

ਜਾਣਕਾਰੀ ਮੁਤਾਬਕ ਰਾਜਵਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਦਾ ਕੈਨੇਡਾ ਤੋਂ ਵੀਜ਼ਾ ਆਇਆ ਹੋਇਆ ਸੀ ਤੇ ਵੀਰਵਾਰ ਨੂੰ ਕੈਨੇਡਾ ਜਾਣ ਲਈ ਜਹਾਜ਼ ਦੀ ਟਿਕਟ ਲੈਣ ਦੀ ਤਿਆਰੀ ਕਰ ਰਿਹਾ ਸੀ ਕਿ ਇਸੇ ਦਰਮਿਆਨ ਉਸ ਨਾਲ ਭਾਣਾ ਵਾਪਰ ਗਿਆ ਤੇ ਉਸ ਦੀ ਜਾਨ ਚਲੀ ਗਈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੇਰ ਰਾਤ ਜਦੋਂ ਸਾਰੇ ਚਮਕੌਰ ਸਾਹਿਬ ਵਿਚ ਸ਼ਹੀਦਾਂ ਦੀ ਯਾਦ ਵਿਚ ਕੱਢੀ ਜਾ ਰਹੀ ਪ੍ਰਭਾਤ ਫੇਰੀ ਦੀ ਸੇਵਾ ਕਰਨ ਲਈ ਘਰ ਵਿਚ ਸੰਗਤਾਂ ਨੂੰ ਵੰਡਣ ਲਈ ਪ੍ਰਸ਼ਾਦ ਦੀ ਪੈਕਿੰਗ ਕਰ ਰਹੇ ਸਨ ਤਾਂ ਅਚਾਨਕ ਰਾਜਵਿੰਦਰ ਸਿੰਘ ਦੀ ਦਿਮਾਗ਼ੀ ਨਸ ਫੱਟਣ ਨਾਲ ਉਸ ਦੇ ਨੱਕ ਵਿਚੋਂ ਖ਼ੂਨ ਆਉਣਾ ਸ਼ੁਰੂ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਰਾਜਵਿੰਦਰ ਸਿੰਘ ਦੀ ਹੋਈ ਇਸ ਬੇਵਕਤੀ ਮੌਤ ਨਾਲ ਪੂਰੇ ਪਰਿਵਾਰ ਤੇ ਪਿੰਡ ਵਿਚ ਸੋਗ ਦੀ ਲਹਿਰ ਹੈ।