ਗੁਰਦਾਸਪੁਰ, 11 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਸਬਾ ਕਾਦੀਆਂ ਦੇ ਮੁਹੱਲਾ ਪ੍ਰਤਾਪ ਨਗਰ ਦਾ 22 ਸਾਲ ਦਾ ਨੌਜਵਾਨ ਸੋਨੂ ਜੋ ਕਿ ਘਰੋਂ ਕੰਮ ਉਤੇ ਗਿਆ ਸੀ ਅਤੇ ਉਸ ਦੀ ਲਾਸ਼ ਸੜਕ ਉੱਤੇ ਪਈ ਮਿਲੀ। ਮ੍ਰਿਤਕ ਸੋਨੂ ਦੀ ਮਾਤਾ ਰਾਜ ਅਤੇ ਦੋਸਤ ਰੋਬਨ ਮਸੀਹ ਨੇ ਦੱਸਿਆ ਕਿ ਸੋਨੂ ਜੋ ਕਿ ਪੀਵੀਸੀ ਦਾ ਕੰਮ ਕਰਦਾ ਸੀ, ਨੂੰ ਦੁਪਹਿਰ ਢਾਈ ਵਜੇ ਉਸਦੇ ਮਾਲਕ ਦਾ ਫੋਨ ਆਇਆ ਕਿ ਕਣਕ ਦੀ ਬੀਜਾਈ ਕਰਨੀ ਹੈ ਅਤੇ ਇਸ ਲਈ ਉਸਨੂੰ ਸੋਨੂ ਦੀ ਮਦਦ ਦੀ ਲੋੜ ਹੈ, ਜਿਸ ਤੋਂ ਬਾਅਦ ਉਹ ਘਰੋਂ ਮੋਟਰਸਾਈਕਲ ਉਤੇ ਚਲਾ ਗਿਆ।
ਕਿਸੇ ਅਣਪਛਾਤੇ ਦਾ ਫੋਨ ਆਇਆ ਕਿ ਤੁਹਾਡਾ ਬੇਟਾ ਮ੍ਰਿਤ ਹਾਲਤ ਵਿਚ ਸੜਕ ਉੱਤੇ ਪਿਆ ਹੈ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸਾਡੇ ਬੇਟੇ ਦੇ ਸਿਰ ਵਿਚ ਸੱਟ ਲੱਗੀ ਹੋਈ ਸੀ। ਜਿਵੇਂ ਕਿਸੇ ਵਾਹਨ ਨੇ ਪਿੱਛਿਓਂ ਟੱਕਰ ਮਾਰੀ ਹੋਵੇ। ਸਾਨੂੰ ਇਹ ਵੀ ਸ਼ੱਕ ਹੈ ਕਿ ਕਿਸੇ ਵੱਲੋਂ ਸਾਡੇ ਬੇਟੇ ਦਾ ਕਤਲ ਕਰਕੇ ਲਾਸ਼ ਨੂੰ ਇਥੇ ਸੁੱਟਿਆ ਗਿਆ ਹੈ। ਸੋਨੂ 2 ਭੈਣਾਂ ਦਾ ਇਕੱਲਾ ਭਰਾ ਸੀ। ਉਸਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦੀ ਮਾਤਾ ਤੇ ਦੋਸਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਸ ਨੇ ਵੀ ਅਜਿਹਾ ਕੀਤਾ ਹੈ, ਉਸ ਖਿਲਾਫ ਸਖਤ ਕਾਰਵਾਈ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ।
ਜਦੋਂ ਇਸ ਬਾਰੇ ਥਾਣਾ ਕਾਹਨੂੰਵਾਨ ਦੇ ਐਸਐਚਓ ਬਲਬੀਰ ਸਿੰਘ ਨਾਲ ਫੋਨ ਉਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਮਾਮੇ ਦੇ ਬਿਆਨਾਂ ਉਤੇ 174 ਦੀ ਕਾਰਵਾਈ ਕੀਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬਾਕੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ।
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)