ਗੁਰਦਾਸਪੁਰ : ਕਾਰ ਚਲਾਉਂਦੇ ਵਿਅਕਤੀ ਨੂੰ ਆਇਆ ਹਾਰਟ ਅਟੈਕ; ਦਰੱਖਤ ਨਾਲ ਟਕਰਾਈ ਕਾਰ, ਮੌਕੇ ‘ਤੇ ਮੌਤ

0
1397

ਗੁਰਦਾਸਪੁਰ, 28 ਅਕਤੂਬਰ | ਸ੍ਰੀ ਹਰਗੋਬਿੰਦਪੁਰ ਰੋਡ ਉਤੇ ਪਿੰਡ ਤਿੱਬੜ ਨਜ਼ਦੀਕ ਦੁਪਹਿਰ 1 ਵਜੇ ਕਾਰ ਦਰੱਖਤ ਨਾਲ ਟਕਰਾਉਣ ਨਾਲ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ ਚਾਲਕ ਗੁਰਦਾਸਪੁਰ ਸਾਈਡ ਤੋਂ ਆਪਣੇ ਪਿੰਡ ਕੋਟ ਟੋਡਰ ਮੱਲ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਸ਼ਾਹ ਜੰਕਸ਼ਨ ਪੈਲੇਸ ਨੇੜੇ ਪਹੁੰਚਿਆ ਤਾਂ ਅਚਾਨਕ ਆਪਣੀ ਕਾਰ ਤੋਂ ਸੰਤੁਲਨ ਗੁਆ ਬੈਠਾ ਤੇ ਉਸਦੀ ਕਾਰ ਪਹਿਲਾਂ ਸੜਕ ਕਿਨਾਰੇ ਬਣੀ ਪੁਲੀ ਨਾਲ ਟਕਰਾਈ ਅਤੇ ਫਿਰ ਦਰੱਖਤ ਵਿਚ ਜਾ ਵੱਜੀ, ਜਿਸ ਕਾਰਨ ਚਾਲਕ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਬਖਸ਼ੀਸ਼ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੋਟ ਟੋਡਰ ਮੱਲ ਉਮਰ 52 ਸਾਲ ਵਜੋਂ ਹੋਈ ਹੈ ਅਤੇ ਦੱਸਿਆ ਗਿਆ ਹੈ ਕਿ ਉਹ ਇਕ ਨਿੱਜੀ ਸਕੂਲ ਦੇ ਡਰਾਈਵਰ ਦੇ ਤੌਰ ‘ਤੇ ਕੰਮ ਕਰ ਰਿਹਾ ਸੀ। ਮੌਕੇ ‘ਤੇ ਪਹੁੰਚੇ ਤਿੱਬੜ ਥਾਣੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਇੰਝ ਲੱਗਦਾ ਹੈ ਕਿ ਉਸਦੀ ਕਾਰ ਚਲਾਉਂਦੇ ਸਮੇਂ ਅਚਾਨਕ ਤਬੀਅਤ ਖਰਾਬ ਹੋ ਗਈ ਤੇ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਕਾਰ ਪਹਿਲਾਂ ਸੜਕ ਕਿਨਾਰੇ ਪੁਲੀ ਨਾਲ ਵੱਜੀ ਅਤੇ ਫਿਰ ਕਿਨਾਰੇ ਦੇ ਦਰੱਖਤ ਨਾਲ ਜਾ ਟਕਰਾਈ। ਫਿਲਹਾਲ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।