ਗੁਜਰਾਤ। ਗੁਜਰਾਤ ਦੇ ਮੋਰਬੀ ਵਿਚ ਐਤਵਾਰ ਦੀ ਸ਼ਾਮ ਨੂੰ ਹੋਏ ਪੁਲ਼ ਹਾਦਸੇ ਵਿਚ ਹੁਣ ਤੱਕ 190 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂਕਿ ਕਈ ਲੋਕ ਅਜੇ ਵੀ ਲਾਪਤਾ ਹਨ। ਸਾਰੇ ਜ਼ਖਮੀਆਂ ਨੂੰ ਮੋਰਬੀ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੂਰਾ ਹਸਪਤਾਲ ਮ੍ਰਿਤਕਾਂ, ਜ਼ਖਮੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਭਰਿਆ ਪਿਆ ਹੈ। ਅਜਿਹਾ ਲੱਗ ਰਿਹਾ ਹੈ ਕਿ ਪੂਰਾ ਸ਼ਹਿਰ ਹੀ ਹਸਪਤਾਲ ਕੈਂਪਸ ਵਿਚ ਆ ਗਿਆ ਹੋਵੇ। ਹਰ ਪਾਸੇ ਚੀਖ-ਪੁਕਾਰ ਮਚੀ ਹੈ।
ਪਹਿਲੀ ਤੋਂ ਤੀਸਰੀ ਮੰਜ਼ਿਲ ਤੱਕ ਲਾਸ਼ਾਂ ਹੀ ਲਾਸ਼ਾਂ
ਇਕ ਦੇ ਬਾਅਦ ਇਕ ਜ਼ਖਮੀਆਂ ਨੂੰ ਰਿਕਸ਼ਾ, ਨਿੱਜੀ ਵਾਹਨ ਜਾਂ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਹੈ। ਹਸਪਤਾਲ ਦਾ ਸਾਰਾ ਸਟਾਫ ਮਰੀਜ਼ਾਂ ਦੇ ਇਲਾਜ ਵਿਚ ਲੱਗਾ ਹੋਇਆ ਹੈ। ਪਹਿਲੀ ਤੋਂ ਤੀਜੀ ਮੰਜ਼ਿਲ ਤੱਕ ਬੈੱਡ ਲਾਸ਼ਾਂ ਨਾਲ ਭਰੇ ਪਏ ਹਨ। ਹਰ ਪਾਸੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ। ਮਾਪੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਨੂੰ ਗਲ਼ੇ ਨਾਲ ਲਗਾ ਕੇ ਰੋ ਰਹੇ ਹਨ।
ਲਾਸ਼ਾਂ ਦੇ ਢੇਰ ਵਿਚਾਲੇ ਆਪਣਿਆਂ ਦੀ ਭਾਲ ਕਰ ਰਹੇ ਲੋਕ
ਹਸਪਤਾਲ ਵਿਚ ਹਾਲੇ ਵੀ ਕਈ ਲਾਸ਼ਾਂ ਦੀ ਪਛਾਣ ਨਹੀਂ ਹੋ ਪਾ ਰਹੀ ਹੈ। ਹਰ ਬੈੱਡ ਉਤੇ ਲਾਸ਼ਾਂ ਹੀ ਲਾਸ਼ਾਂ ਪਈਆਂ ਹਨ। ਲੋਕ ਹਸਪਤਾਲ ਵਿਚ ਪੁਲ਼ ਤੋਂ ਗਾਇਬ ਹੋਏ ਆਪਣਿਆਂ ਦੀ ਭਾਲ ਕਰ ਰਹੇ ਹਨ। ਅਜਿਹਾ ਹੀ ਇਕ ਮੰਜਰ ਨਜ਼ਰ ਆਇਆ ਜਦੋਂ ਇਕ ਨੌਜਵਾਨ ਆਪਣੀ ਮਾਂ ਦੀ ਭਾਲ ਕਰ ਰਿਹਾ ਸੀ। ਜਿਵੇਂ ਹੀ ਉਸਨੇ ਬੈੱਡ ਤੋਂ ਪਈ ਲਾਸ਼ ਤੋਂ ਕੱਪੜਾ ਹਟਾਇਆ ਤਾਂ ਉਹ ਬੇਹੋਸ਼ ਹੋ ਗਿਆ। ਫਿਰ ਹੋਸ਼ ਆਉਣ ਉਤੇ ਆਪਣੀ ਮਾਂ ਦੀ ਲਾਸ਼ ਨਾਲ ਲਿਪਟ ਕੇ ਰੋਣ ਲੱਗ ਪਿਆ।
ਰਾਜਕੋਟ ਤੋਂ ਡਾਕਟਰ-ਨਰਸਿੰਗ ਸਟਾਫ ਮੋਰਬੀ ਲਈ ਰਵਾਨਾ
ਰਾਜਕੋਟ ਸਿਵਲ ਹਸਪਤਾਲ ਤੋਂ 5 ਡਾਕਟਰ ਤੇ 25 ਨਰਸਿੰਗ ਸਟਾਫ ਮੈਂਬਰ ਰਵਾਨਾ ਹੋ ਗਏ ਹਨ, ਤਾਂ ਕਿ ਜ਼ਖਮੀਆਂ ਦੇ ਇਲਾਜ ਵਿਚ ਕੋਈ ਰੁਕਾਵਟ ਨਾ ਆਵੇ। ਸਰਕਾਰ ਵਲੋਂ ਕੰਟਰੋਲ ਰੂਮ ਤੇ ਹੈਲਪਲਾਈਨ ਨੰਬਰ 02822-243300 ਜਾਰੀ ਕੀਤਾ ਗਿਆ। ਜ਼ਖਮੀਆਂ ਦੇ ਇਲਾਜ ਲਈ ਰਾਜਕੋਟ ਵਿਚ ਵੱਖਰੇ ਤੌਰ ਉਤੇ ਵਾਰਡ ਬਣਾਇਆ ਗਿਆ ਹੈ।