ਬਠਿੰਡਾ| ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਸਰਕਾਰਾਂ ਨੂੰ ਸਖਤ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਰਕਾਰਾਂ ਸਾਡੇ ਨਾਲ ਬੈਠਕੇ ਮਸਲੇ ਹੱਲ ਕਰੇ। ਅਸੀਂ ਵਿਵਾਦ ਨਹੀਂ ਸੰਵਾਦ ਚਾਹੁੰਦੇ ਹਾਂ।
ਜਥੇਦਾਰ ਨੇ ਕਿਹਾ ਕਿ ਕੱਲ੍ਹ ਫਲੈਗ ਮਾਰਚ ਕੀਤਾ ਗਿਆ, ਅੱਜ ਵੀ ਹਰ ਥਾਂ ‘ਤੇ ਪੁਲਿਸ ਤੈਨਾਤ ਹੈ, ਜਿਸ ਨਾਲ ਮਾਹੌਲ ਭਿਆਨਕ ਦਰਸਾਉਣ ਦਾ ਯਤਨ ਕੀਤਾ ਜਾ ਰਿਹੈ।
ਜਥੇਦਾਰ ਨੇ ਕਿਹਾ, “ਮੀਡੀਆ ਲੋਕਾਂ ਦੀ ਆਵਾਜ਼ ਹੈ ਅਤੇ ਦੁਨੀਆ ਦੀ ਕੋਈ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੀ, ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੀ ਆਵਾਜ਼ ਨੂੰ ਤਾਂ ਦਬਾਇਆ ਨਹੀਂ ਜਾ ਸਕਦਾ। ਦਿੱਲੀ ਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਕਿਹਾ- ਜੇ ਸਰਕਾਰ ਨਾਗਿਆਂ ਨਾਲ ਬਹਿ ਸਕਦੀ ਹੈ, ਕਸ਼ਮੀਰੀਆਂ ਨਾਲ ਬਹਿ ਸਕਦੀ ਹੈ ਤਾਂ ਸਾਡੇ ਨਾਲ ਬੈਠਣ ਚ ਕੀ ਦਿੱਕਤ ਹੈ, 75 ਸਾਲ ਹੋ ਗਏ ਅਤੇ ਇਨ੍ਹਾਂ 75 ਸਾਲਾਂ ‘ਚ 75 ਕਮਿਟਮੈਂਟ ਕੀਤੀਆਂ ਸਾਡੇ ਨਾਲ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਵੀ ਪੂਰੀ ਨਹੀਂ ਕੀਤੀ, ਜਿਸਦਾ ਸਾਡੇ ਕੋਲ ਡਾਟਾ ਵੀ ਹੈ।
ਇਸ ਮੌਕੇ ਜਥੇਦਾਰ ਸਾਹਿਬ ਵਲੋਂ ਵਿਸਾਖੀ ਦੇ ਖਾਸ ਮੌਕੇ ‘ਤੇ ਬੁਲਾਏ ਗਏ ਗੁਰਮਤਿ ਸਮਾਗਮ ਤੇਂ ਵੱਧ ਤੋਂ ਵੱਧ ਸੰਗਤ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਣ ਦੀ ਅਪੀਲ ਵੀ ਕੀਤੀ। ਨਾਲ ਹੀ ਜਥੇਦਾਰ ਵਲੋਂ ਇਸ ਮੌਕੇ ਤੇ ਐਸਜੀਪੀਸੀ ਦੀ ਕਾਰਗੁਜਾਰੀ ਪ੍ਰਤੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਗਈ।