ਚੰਡੀਗੜ੍ਹ, 6 ਜਨਵਰੀ | ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਇਲ ਫੋਨਾਂ ਦੀ ਰਿਕਵਰੀ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ, ਜਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਇਸੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਨਵਾਂ ਪਲਾਨ ਤਿਆਰ ਕੀਤਾ ਹੈ, ਜਿਸ ਤਹਿਤ ਕੁਝ ਅਹਿਮ ਕਦਮ ਜੇਲ੍ਹ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਹਨ ਤਾਂ ਜੋ ਕੈਦੀ ਮੋਬਾਇਲ ਫੋਨਾਂ ਦੀ ਵਰਤੋਂ ਨਾ ਕਰ ਸਕਣ।
ਜੇਲ ਪ੍ਰਸ਼ਾਸਨ ਵੱਲੋਂ ਬਾਹਰੋਂ ਆਉਣ ਵਾਲੇ ਫੋਨਾਂ ਨੂੰ ਰੋਕਣ ਲਈ ਜੇਲ੍ਹ ਅੰਦਰ 40 ਫੁੱਟ ਦਾ ਜਾਲ ਲਗਾਇਆ ਜਾਵੇਗਾ ਤਾਂ ਜੋ ਕੋਈ ਵੀ ਵਿਅਕਤੀ ਬਾਹਰੋਂ ਫੋਨ ਨਾ ਸੁੱਟ ਸਕੇ। ਇਸ ਤੋਂ ਇਲਾਵਾ 16 ਜੇਲ੍ਹਾਂ ਵਿਚ ਨੈੱਟ ਲਗਾਈ ਜਾਵੇਗੀ। ਇੰਨਾ ਹੀ ਨਹੀਂ ਹੁਣ ਏਆਈ (ਆਰਟੀਫੀਸ਼ੀਅਨਲ ਇੰਟੈਲੀਜੈਂਸ) ਰਾਹੀਂ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤਾਂ ਜੋ ਕੋਈ ਜੇਲ੍ਹ ਅੰਦਰ ਮੋਬਾਇਲ ਫੋਨ ਸੁੱਟਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਮਿਲ ਜਾਵੇਗੀ। 20 ਜੇਲ੍ਹਾਂ ਵਿਚ ਫੁੱਲ ਬਾਡੀ ਸਕੈਨਰ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਲਗਾਏ ਜਾਣ ਦਾ ਪਲਾਨ ਹੈ।