ਮੋਰਿੰਡਾ/ਰੂਪਨਗਰ | ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਇਕ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ 58 ਸਾਲ ਤੋਂ ਉਪਰ ਉਮਰ ਦੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੇਵਾਮੁਕਤ ਕਰਨ ਦਾ ਫੈਸਲਾ ਲਿਆ ਹੈ। ਇਹ ਕਦਮ ਬੇਰੋਜ਼ਗਾਰ ਨੌਜਵਾਨਾਂ ਦੀ ਭਰਤੀ ਲਈ ਫਾਇਦੇਮੰਦ ਹੋਵੇਗਾ।
CM ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਵੀ ਬੇਇਨਸਾਫ਼ੀ ਨਹੀਂ ਹੋਣ ਦੇਣਗੇ। ਬਿਨਾਂ ਦੋਸ਼ ਇਕ ਘੰਟਾ ਵੀ ਕਿਸੇ ਵਿਅਕਤੀ ਨੂੰ ਥਾਣੇ ‘ਚ ਨਹੀਂ ਬਿਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦੀ ਸਰਕਾਰ ਕੋਲ 3-4 ਮਹੀਨਿਆਂ ਦਾ ਹੀ ਸਮਾਂ ਹੈ ਪਰ ਫਿਰ ਵੀ ਉਹ ਸੂਬੇ ਦੇ ਸਿਸਟਮ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕਰਨਗੇ।
ਉਨ੍ਹਾਂ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੀ ਵੰਡੇ। ਮੋਰਿੰਡਾ ਦੇ ਰਾਜਮਹਿਲ ਪੈਲੇਸ ਵਿਖੇ ਇਹ ਪ੍ਰੋਗਰਾਮ ਉਲੀਕਿਆ ਗਿਆ।
ਇਸ ਮੌਕੇ ਚੰਨੀ ਨੇ ਕਿਹਾ ਕਿ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਲੋਕਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਤੇ ਪਿੰਡਾਂ ‘ਚ ਪੀਣ ਵਾਲੇ ਪਾਣੀ ਲਈ ਵੀ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਨੌਜਵਾਨਾਂ ਦੀਆਂ ਨੌਕਰੀਆਂ ਨੂੰ ਲੈ ਕੇ ਕਿਹਾ ਕਿ 58 ਸਾਲ ਤੋਂ ਉਪਰ ਉਮਰ ਦੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਸੀਟ ਖਾਲੀ ਕਰਨ ਤੇ ਨਵੇਂ ਨੌਜਵਾਨਾਂ ਨੂੰ ਮੌਕਾ ਦੇਣ। ਕਿਸੇ ਨਾਲ ਵੀ ਧੋਖਾਧੜੀ ਨਹੀਂ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਨੇ 64 ਹਜ਼ਾਰ ਦੇ ਕਰੀਬ ਪਰਿਵਾਰਾਂ ਨੂੰ ਕਰਜ਼ਾ ਮੁਆਫ਼ੀ ਦੇ ਚੈੱਕ ਵੰਡੇ।