ਪਟਿਆਲਾ| ਐੱਚ. ਆਰ. ਇਨਕਲੇਵ ਸ਼ੀਸ਼ ਮਹਿਲ ਕਾਲੋਨੀ ‘ਚ ਇਕ ਵਿਆਹੁਤਾ ਵੱਲੋਂ ਸੋਮਵਾਰ ਨੂੰ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਨਵੀਰ ਕੌਰ (29) ਦਾ ਵਿਆਹ 7 ਦਿਨ ਪਹਿਲਾਂ ਬੀਤੇ ਮੰਗਲਵਾਰ ਨੂੰ ਪਟਿਆਲਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨਾਲ ਹੋਇਆ ਸੀ। ਕੁੜੀ ਦੇ ਪਰਿਵਾਰ ਵਾਲਿਆਂ ਨੇ ਸ਼ੱਕੀ ਹਾਲਾਤ ‘ਚ ਹੋਈ ਮੌਤ ਨੂੰ ਲੈ ਕੇ ਸਹੁਰਾ ਪਰਿਵਾਰ ‘ਤੇ ਸ਼ੱਕ ਜ਼ਾਹਰ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਕਾਰਵਾਈ ‘ਚ ਲੱਗ ਗਈ ਹੈ । ਕੋਟਵਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਵਿਆਹੁਤਾ ਦੇ ਪਿਤਾ ਨਰਿੰਦਰ ਪਾਲ ਦੇ ਬਿਆਨਾਂ ਦੇ ਆਧਾਰ ‘ਤੇ ਉਨ੍ਹਾਂ ਦੇ ਜਵਾਈ ਗੁਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਗੁਰਦੀਪ ਕਰੀਬ 10 ਸਾਲ ਤੋਂ ਫੌਜ ‘ਚ ਨੌਕਰੀ ਕਰ ਰਿਹਾ ਹੈ।
ਹਸਪਤਾਲ ‘ਚ ਮੌਜੂਦ ਵਿਆਹੁਤਾ ਦੇ ਪਰਿਵਾਰ ਨੇ ਕਤਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਇਸ ਮੌਕੇ ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸਰਕਾਰੀ ਨੌਕਰੀ ਕਰਦੀ ਸੀ। 27 ਸਤੰਬਰ ਨੂੰ ਉਸ ਦਾ ਵਿਆਹ ਗੁਰਦੀਪ ਸਿੰਘ ਨਾਲ ਹੋਇਆ ਸੀ। 3 ਅਕਤੂਬਰ ਨੂੰ ਜਦੋਂ ਉਹ ਪਟਿਆਲਾ ਆਏ ਤਾਂ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮਨਵੀਰ ਇੰਨੀ ਕਮਜ਼ੋਰ ਨਹੀਂ ਸੀ ਕਿ ਉਹ ਖ਼ੁਦਕੁਸ਼ੀ ਕਰ ਲਏ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮਨਵੀਰ ਸ਼ਨੀਵਾਰ ਨੂੰ ਹੀ ਗੋਆ ਤੋਂ ਵਾਪਸ ਆਈ ਸੀ। ਉਸ ਨੇ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਆਉਣਾ ਸੀ। ਆਖਰੀ ਵਾਰ ਉਸ ਨੇ ਆਪਣੀ ਮਾਤਾ, ਭਰਾ ਅਤੇ ਭੈਣ ਨਾਲ ਫੋਨ ‘ਤੇ ਗੱਲ ਕੀਤੀ ਸੀ।