ਚੰਡੀਗੜ੍ਹ, 1 ਅਕਤੂਬਰ | ਸਹਿਕਾਰੀ ਖੇਤਰ ਵਿਚ ਬੈਂਕਿੰਗ ਸੇਵਾਵਾਂ ਵਿਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਗਾਹਕਾਂ ਨੂੰ ਆਨਲਾਈਨ ਲੈਣ-ਦੇਣ ਦੀ ਸਹੂਲਤ ਦੇਣ ਲਈ ਪੰਜਾਬ ਰਾਜ ਸਹਿਕਾਰੀ ਬੈਂਕ ‘ਚ ਯੂ.ਪੀ.ਆਈ. ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲਕਦਮੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਹੂਲਤ ਸਹਿਕਾਰੀ ਬੈਂਕਾਂ ਵਿਚ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰੇਗੀ। ਰਾਜ ਸਰਕਾਰ ਨੇ ਬੈਂਕ ਦੀਆਂ 18 ਸ਼ਾਖਾਵਾਂ ਵਿਚ ਯੂ.ਪੀ.ਆਈ. ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਹੁਣ ਬੈਂਕ ਦੇ ਗ੍ਰਾਹਕ ਗੂਗਲ ਪੇ, ਵਟਸਐਪ, ਫੋਨ ਪੇ, ਪੇਟੀਐਮ, ਭੀਮ ਅਤੇ ਹੋਰ ਐਪਾਂ ਰਾਹੀਂ ਲੈਣ-ਦੇਣ ਕਰ ਸਕਣਗੇ। ਇਸ ਸਹੂਲਤ ਨਾਲ ਬੈਂਕ ਦੇ ਗ੍ਰਾਹਕ ਦੂਜੇ ਬੈਂਕ ਖਾਤਿਆਂ ਤੋਂ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਖਾਤਿਆਂ ਵਿਚ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਣਗੇ। ਸ਼ੁਰੂ ਵਿਚ ਗ੍ਰਾਹਕ ਯੂ.ਪੀ.ਆਈ. ਦੇ ਜ਼ਰੀਏ ਪ੍ਰਤੀ ਦਿਨ 50,000 ਰੁਪਏ ਤੱਕ ਦਾ ਲੈਣ-ਦੇਣ ਕਰ ਸਕਣਗੇ, ਜਿਸ ਨੂੰ ਆਉਣ ਵਾਲੇ ਦਿਨਾਂ ‘ਚ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿਚ ਸਹਿਕਾਰਤਾ ਖੇਤਰ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਬੈਂਕ ਦੇ ਚੇਅਰਮੈਨ ਜਗਦੇਵ ਸਿੰਘ ਬਾਮ ਨੇ ਕਿਹਾ ਕਿ ਇਹ ਸਹੂਲਤ ਬੈਂਕ ਦੇ ਗ੍ਰਾਹਕਾਂ ਲਈ ਬਹੁਤ ਵੱਡਾ ਤੋਹਫ਼ਾ ਹੈ। ਆਉਣ ਵਾਲੇ ਸਮੇਂ ਵਿਚ ਇਹ ਸਹੂਲਤ ਬੈਂਕ ਦੀਆਂ ਹੋਰ ਸ਼ਾਖਾਵਾਂ ਵਿਚ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)