ਚੰਡੀਗੜ੍ਹ, 13 ਫਰਵਰੀ | ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਚਾਰ ਮਹੀਨਿਆਂ ਬਾਅਦ ਅੱਜ (13 ਫਰਵਰੀ) ਨੂੰ ਹੋਈ। ਇਸ ਮੀਟਿੰਗ ਵਿਚ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਵੱਖ-ਵੱਖ ਵਿਭਾਗਾਂ ਵਿਚ ਤਿੰਨ ਹਜ਼ਾਰ ਅਸਾਮੀਆਂ ’ਤੇ ਭਰਤੀ ਕਰ ਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿਚੋਂ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ, ਜਦੋਂ ਕਿ ਸਿਹਤ ਵਿਭਾਗ ਵਿੱਚ 822 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਛੇ ਨਵੀਆਂ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ।
ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ 2028 ਤੱਕ ਵੱਖ-ਵੱਖ ਪੜਾਵਾਂ ਵਿਚ ਅਦਾ ਕੀਤੇ ਜਾਣਗੇ। ਹਾਲਾਂਕਿ ਜੇਕਰ ਬਜਟ ‘ਚ ਪਹਿਲਾਂ ਵਿਵਸਥਾ ਕੀਤੀ ਜਾਂਦੀ ਹੈ ਤਾਂ ਪਹਿਲਾਂ ਇਸ ਦੀ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 24 ਅਤੇ 25 ਫਰਵਰੀ ਨੂੰ ਬੁਲਾਇਆ ਜਾਵੇਗਾ। ਦੁਪਹਿਰ 12 ਵਜੇ ਸ਼ੁਰੂ ਹੋਈ ਇਹ ਮੀਟਿੰਗ 3 ਵਜੇ ਤੱਕ ਜਾਰੀ ਰਹੀ।