ਨੈਸ਼ਨਲ ਡੈਸਕ, 26 ਅਕਤੂਬਰ | ਭਾਰਤ ਅਤੇ ਜਰਮਨੀ ਦੇ ਸਬੰਧਾਂ ਨੂੰ ਉਦੋਂ ਵੱਡੀ ਮਜ਼ਬੂਤੀ ਮਿਲੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਜਰਮਨੀ ਹੁਨਰਮੰਦ ਭਾਰਤੀ ਕਾਮਿਆਂ ਲਈ ਆਪਣੇ ਸਾਲਾਨਾ ਵੀਜ਼ਾ ਨੂੰ 20,000 ਤੋਂ ਵਧਾ ਕੇ 90,000 ਕਰ ਦੇਵੇਗਾ। ਇਹ ਐਲਾਨ ਜਰਮਨ ਬਿਜ਼ਨੈਸ ਦੀ 18ਵੀਂ ਏਸ਼ੀਆ-ਪ੍ਰਸ਼ਾਂਤ ਕਾਨਫ਼ਰੰਸ 2024 ’ਚ ਕੀਤਾ ਗਿਆ, ਜਿੱਥੇ ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨੇ ਆਰਥਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਸੀ ਪਹਿਲਕਦਮੀਆਂ ’ਤੇ ਚਾਨਣਾ ਪਾਇਆ।
ਭਾਰਤੀ ਪ੍ਰਤਿਭਾ ਪ੍ਰਤੀ ਜਰਮਨੀ ਦੇ ਸਵਾਗਤੀ ਰੁਖ ਨੂੰ ਚਾਂਸਲਰ ਸ਼ੋਲਜ਼ ਨੇ ਦੁਹਰਾਇਆ, ਜਿਨ੍ਹਾਂ ਨੇ ਜਰਮਨੀ ਦੇ ਕਾਰਜਬਲ ਅਤੇ ਅਕਾਦਮਿਕ ਖੇਤਰ ’ਚ ਭਾਰਤੀਆਂ ਦੇ ਤੇਜ਼ੀ ਨਾਲ ਵਾਧੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ‘ਅੱਜ ਸਾਡੀਆਂ ਯੂਨੀਵਰਸਿਟੀਆਂ ’ਚ ਵਿਦੇਸ਼ੀ ਵਿਦਿਆਰਥੀਆਂ ਦਾ ਸੱਭ ਤੋਂ ਵੱਡਾ ਸਮੂਹ ਭਾਰਤੀ ਹਨ। ਪਿਛਲੇ ਸਾਲ ਹੀ ਜਰਮਨੀ ’ਚ ਭਾਰਤੀ ਪੇਸ਼ੇਵਰਾਂ ਦੀ ਗਿਣਤੀ ’ਚ 23,000 ਦਾ ਵਾਧਾ ਹੋਇਆ ਹੈ।’
ਉਨ੍ਹਾਂ ਕਿਹਾ ਕਿ ਜਰਮਨੀ ਆਪਣੀ ਵੀਜ਼ਾ ਪ੍ਰਕਿਰਿਆ ’ਚ ਡਿਜੀਟਾਈਜ਼ੇਸ਼ਨ, ਤੇਜ਼ ਪ੍ਰਵਾਨਗੀਆਂ ਅਤੇ ਉਪਭੋਗਤਾ ਅਨੁਕੂਲ ਪਹੁੰਚ ਦੇ ਨਾਲ ਸੁਧਾਰਾਂ ਨੂੰ ਲਾਗੂ ਕਰ ਰਿਹਾ ਹੈ, ਜਿਸ ਦਾ ਉਦੇਸ਼ ਹੁਨਰਮੰਦ ਪ੍ਰਵਾਸ ਨੂੰ ਸਹੂਲਤਜਨਕ ਬਣਾਉਣਾ ਹੈ। ਹਾਲਾਂਕਿ, ਸ਼ੋਲਜ਼ ਨੇ ਜ਼ੋਰ ਦੇ ਕੇ ਕਿਹਾ ਕਿ ਜਰਮਨੀ ਅਨਿਯਮਿਤ ਪ੍ਰਵਾਸ ਦਾ ਸਖ਼ਤੀ ਨਾਲ ਪ੍ਰਬੰਧਨ ਕਰਨਾ ਜਾਰੀ ਰੱਖੇਗਾ।
ਉਨ੍ਹਾਂ ਕਿਹਾ ਕਿ ‘ਜਰਮਨੀ ਹੁਨਰਮੰਦ ਕਾਮਿਆਂ ਲਈ ਖੁੱਲ੍ਹਾ ਹੈ ਪਰ ਅਸੀਂ ਇਹ ਕੰਟਰੋਲ ਕਰਨਾ ਚਾਹੁੰਦੇ ਹਾਂ ਕਿ ਕੌਣ ਆਉਂਦਾ ਹੈ।’’ ਉਨ੍ਹਾਂ ਕਿਹਾ ਕਿ ਜਰਮਨੀ ਆਪਣੀਆਂ ਵੀਜ਼ਾ ਪ੍ਰਕਿਰਿਆਵਾਂ ਨੂੰ ਡਿਜੀਟਲ ਕਰ ਰਿਹਾ ਹੈ, ਪ੍ਰਕਿਰਿਆਵਾਂ ਨੂੰ ਤੇਜ਼ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਵਧੇਰੇ ਉਪਭੋਗਤਾ-ਅਨੁਕੂਲ ਬਣਾ ਰਿਹਾ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)