ਫਿਲੌਰ, 24 ਅਕਤੂਬਰ | ਡੇਰਾ ਸਤਿਸੰਗ ਬਿਆਸ ਦੀ ਸ਼ਾਖਾ ਫਿਲੌਰ ਦੇ ਪਿੰਡ ਪ੍ਰਤਾਪਪੁਰਾ ਵਿਚ 3.5 ਏਕੜ ਵਿਚ ਖੋਲ੍ਹੇ ਗਏ ਸਤਿਸੰਗ ਘਰ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਹੈ। ਸੇਵਾਦਾਰ ਮਿਸਤਰੀ ਅਤੇ ਸੰਗਤ ਨੇ 12 ਘੰਟਿਆਂ ਵਿਚ ਸਤਿਸੰਗ ਘਰ ਦੀ ਚਾਰਦੀਵਾਰੀ ਨੂੰ ਇੱਕ ਪਾਸੇ ਤੋਂ ਮੁਕੰਮਲ ਕਰ ਕੇ ਰਿਕਾਰਡ ਬਣਾਇਆ ਸੀ ਅਤੇ ਜਲਦੀ ਹੀ ਹੈੱਡਕੁਆਰਟਰ ਤੋਂ ਹਫ਼ਤੇ ਵਿਚ 2 ਦਿਨ ਸਤਿਸੰਗ ਕਰਨ ਦਾ ਸਮਾਂ ਮਿਲੇਗਾ। ਇੱਥੇ ਆਉਣ ਵਾਲੀਆਂ ਔਰਤਾਂ ਲਈ ਵਿਸ਼ੇਸ਼ ਤੌਰ ‘ਤੇ ਪਖਾਨੇ ਵੀ ਬਣਾਏ ਗਏ ਹਨ।
ਹੁਣ ਚਾਰਦੀਵਾਰੀ ਦੇ ਘੇਰੇ ਦਾ ਕੰਮ ਵੀ ਸੇਵਾਦਾਰਾਂ ਵੱਲੋਂ ਮਹਿਜ਼ 2 ਦਿਨਾਂ ਵਿਚ ਮੁਕੰਮਲ ਕਰ ਲਿਆ ਗਿਆ ਹੈ। ਕਮੇਟੀ ਮੈਂਬਰ ਮੋਹਨ ਸਿੰਘ ਨੇ ਦੱਸਿਆ ਕਿ ਕੰਮ ਨੇਪਰੇ ਚੜ੍ਹਦਿਆਂ ਹੀ ਉਨ੍ਹਾਂ ਨੂੰ ਡੇਰਾ ਬਿਆਸ ਹੈੱਡ ਕੁਆਟਰ ਤੋਂ ਹਰ ਐਤਵਾਰ ਨੂੰ ਉਥੇ ਸਤਿਸੰਗ ਕਰਨ ਦੀ ਮਨਜ਼ੂਰੀ ਮਿਲ ਗਈ, ਜਿਸ ਤੋਂ ਬਾਅਦ ਐਤਵਾਰ ਨੂੰ ਸੰਗਤ ਉਥੇ ਸਤਿਸੰਗ ਕਰਨ ਪਹੁੰਚ ਰਹੀ ਹੈ। ਇਸ ਸਮੇਂ ਸੰਗਤ ਲਈ ਸਤਿਸੰਗ ਕਰਨ ਲਈ ਇੱਕ ਸ਼ੈੱਡ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਹੋਰ ਸ਼ੈੱਡ ਵੀ ਜਲਦੀ ਹੀ ਲਗਾਏ ਜਾਣਗੇ।
ਇਸ ਤੋਂ ਇਲਾਵਾ ਇਸ ਸਤਿਸੰਗ ਘਰ ਵਿਚ ਹਰਿਆਲੀ ਵਾਲੇ ਪੌਦੇ ਅਤੇ ਸੁੰਦਰ ਪਾਰਕ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇੱਥੇ ਚੱਲ ਰਹੇ ਨਿਰਮਾਣ ਕਾਰਜਾਂ ਵਿਚ ਸੇਵਾ ਕਰਨ ਲਈ ਰੋਜ਼ਾਨਾ 150 ਦੇ ਕਰੀਬ ਸੇਵਾਦਾਰ ਸੰਗਤਾਂ ਆ ਰਹੀਆਂ ਹਨ। ਇੱਥੇ ਖੁੱਲ੍ਹੇ ਸਤਿਸੰਗ ਘਰ ਕਾਰਨ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਜਿਸ ਦਿਨ ਇੱਥੇ ਸਤਿਸੰਗ ਘਰ ਦੀ ਸ਼ੁਰੂਆਤ ਹੋਈ ਸੀ, ਉਸ ਦਿਨ 5 ਹਜ਼ਾਰ ਤੋਂ ਵੱਧ ਸੰਗਤ ਨੇ ਸ਼ਿਰਕਤ ਕੀਤੀ ਸੀ। ਮੋਹਨ ਸਿੰਘ ਨੇ ਦੱਸਿਆ ਕਿ ਉਕਤ ਕਾਰਜ ਨੂੰ ਸੰਗਤਾਂ ਨੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਨੇਪਰੇ ਚਾੜ੍ਹਿਆ। ਕੋਈ ਅੰਦਾਜ਼ਾ ਨਹੀਂ ਸੀ ਕਿ 12 ਘੰਟਿਆਂ ਵਿਚ 1.25 ਲੱਖ ਇੱਟਾਂ ਵਿਛਾ ਕੇ ਕੰਧ ਦਾ ਕੰਮ ਪੂਰਾ ਕਰ ਕੇ ਇੱਥੇ ਕੋਈ ਰਿਕਾਰਡ ਬਣਾਇਆ ਜਾਵੇਗਾ।