ਲੁਧਿਆਣਾ, 10 ਜਨਵਰੀ | ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਦੱਸਿਆ ਕਿ ਏਅਰ ਇੰਡੀਆ ਨੇ ਉਨ੍ਹਾਂ ਨੂੰ ਪੁਸ਼ਟੀ ਕੀਤੀ ਹੈ ਕਿ ਭਵਿੱਖ ਵਿਚ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ।
ਐਮਪੀ ਅਰੋੜਾ ਮੁਤਾਬਕ ਏਅਰ ਇੰਡੀਆ ਦੇ ਗਰੁੱਪ ਹੈੱਡ ਜੀਆਰਸੀ ਅਤੇ ਕਾਰਪੋਰੇਟ ਅਫੇਅਰਜ਼ ਪੀ ਬਾਲਾਜੀ ਨੇ 8 ਜਨਵਰੀ ਨੂੰ ਆਪਣੇ ਪੱਤਰ ਰਾਹੀਂ ਸੂਚਿਤ ਕੀਤਾ ਹੈ ਕਿ ਏਏਆਈ ਦੁਆਰਾ ਅਧਿਕਾਰਤ ਮਨਜ਼ੂਰੀ ਮਿਲਣ ਅਤੇ ਸਾਰੀਆਂ ਲੋੜੀਂਦੀਆਂ ਰੈਗੂਲੇਟਰੀ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਏਅਰ ਇੰਡੀਆ ਹਲਵਾਰਾ ਹਵਾਈ ਅੱਡੇ ਦਾ ਸੰਚਾਲਨ ਸ਼ੁਰੂ ਕਰੇਗੀ।
ਬਾਲਾਜੀ ਨੇ ਅਰੋੜਾ ਨੂੰ ਦੱਸਿਆ ਕਿ ਇਹ ਨਵਾਂ ਵਿਕਾਸ ਪੰਜਾਬ ਵਿਚ ਕੁਨੈਕਟੀਵਿਟੀ ਵਧਾਉਣ ਦੇ ਸਾਡੇ ਯਤਨਾਂ ਵਿਚ ਇੱਕ ਦਿਲਚਸਪ ਮੀਲ ਪੱਥਰ ਹੈ, ਜਿਸ ਨਾਲ ਵਪਾਰ ਅਤੇ ਸੈਰ-ਸਪਾਟਾ ਦੋਵਾਂ ਖੇਤਰਾਂ ਨੂੰ ਫਾਇਦਾ ਹੋਵੇਗਾ। ਅਰੋੜਾ ਨੂੰ ਲਿਖੇ ਆਪਣੇ ਪੱਤਰ ਵਿਚ ਬਾਲਾਜੀ ਨੇ ਲਿਖਿਆ ਕਿ ਅਸੀਂ ਭਾਰਤ ਦੇ ਹਵਾਬਾਜ਼ੀ ਬੁਨਿਆਦੀ ਢਾਂਚੇ ਦੀ ਤਰੱਕੀ ਲਈ ਤੁਹਾਡੇ ਲਗਾਤਾਰ ਸਮਰਥਨ ਅਤੇ ਵਚਨਬੱਧਤਾ ਦੀ ਦਿਲੋਂ ਸ਼ਲਾਘਾ ਕਰਦੇ ਹਾਂ।
                    
  
                
		




































