ਜਲੰਧਰ ਵਾਸੀਆਂ ਲਈ ਚੰਗੀ ਖਬਰ ! ਨਵੇਂ ਸਾਲ ਤੋਂ ਪਹਿਲਾਂ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੋਂ ਮਿਲੇਗਾ ਛੁਟਕਾਰਾ

0
824

ਜਲੰਧਰ, 26 ਅਕਤੂਬਰ | ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੇ ਹੁਕਮ ਜਾਰੀ ਕੀਤੇ ਹਨ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ 31 ਦਸੰਬਰ ਤੱਕ ਸਾਰੀਆਂ ਸੜਕਾਂ ਨੂੰ ਪੈਚ ਵਰਕ ਆਦਿ ਲਗਾ ਕੇ ਟੋਏ ਮੁਕਤ ਕੀਤਾ ਜਾਵੇ। ਇਸ ਦੇ ਲਈ ਨਿਗਮ ਦੇ ਵੱਖ-ਵੱਖ ਪੱਧਰਾਂ ‘ਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਮਾਂ ਸੀਮਾ ਖ਼ਤਮ ਹੁੰਦੇ ਹੀ ਅਧਿਕਾਰੀਆਂ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ ਕਿ ਉਨ੍ਹਾਂ ਦੇ ਇਲਾਕੇ ਵਿਚ ਕਿਸੇ ਵੀ ਸੜਕ ’ਤੇ ਟੋਏ ਨਹੀਂ ਹਨ। ਕਮਿਸ਼ਨਰ ਦੀ ਜਾਂਚ ਦੌਰਾਨ ਜੇਕਰ ਕੋਈ ਟੋਇਆ ਪਾਇਆ ਗਿਆ ਤਾਂ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਨਗਰ ਨਿਗਮ ਕਮਿਸ਼ਨਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸਥਿਤ ਲੇਬਰ ਕੁਆਰਟਰਾਂ ਦਾ ਸਰਵੇਖਣ ਕੀਤਾ ਜਾਵੇ। ਸ਼ਿਕਾਇਤਾਂ ਮਿਲੀਆਂ ਹਨ ਕਿ ਜ਼ਿਆਦਾਤਰ ਕੁਆਰਟਰਾਂ ਵਿਚ ਬਿਨਾਂ ਮਨਜ਼ੂਰੀ ਤੋਂ ਪਾਣੀ ਦੇ ਕੁਨੈਕਸ਼ਨ ਲਗਾਏ ਜਾਂਦੇ ਹਨ, ਜਿੱਥੇ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਅਤੇ ਕੁਆਰਟਰ ਮਾਲਕਾਂ ਵੱਲੋਂ ਪਾਣੀ ਦੇ ਬਿੱਲ ਵੀ ਅਦਾ ਨਹੀਂ ਕੀਤੇ ਜਾਂਦੇ ਹਨ, ਜਿਸ ਕਾਰਨ ਨਿਗਮ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਫੀਲਡ ਸਟਾਫ 15 ਨਵੰਬਰ ਤੱਕ ਸਰਵੇਖਣ ਕਰ ਕੇ ਰਿਪੋਰਟ ਕਮਿਸ਼ਨਰ ਨੂੰ ਭੇਜਣ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)