12ਵੀਂ ਪਾਸ ਨੌਜਵਾਨਾਂ ਲਈ ਚੰਗੀ ਖਬਰ : ਅਗਲੇ ਹਫ਼ਤੇ ਸ਼ੁਰੂ ਹੋਵੇਗੀ ਕਾਂਸਟੇਬਲਾਂ ਦੀ ਭਰਤੀ, ਹੋ ਜਾਓ ਤਿਆਰ

0
432

ਲੰਬੇ ਸਮੇਂ ਤੋਂ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਦੀ ਉਡੀਕ ਕਰ ਰਹੇ ਹਜ਼ਾਰਾਂ ਨੌਜਵਾਨਾਂ ਲਈ ਖੁਸ਼ਖਬਰੀ ਹੈ। ਯੂਟੀ ਪ੍ਰਸ਼ਾਸਨ ਨੇ 700 ਕਾਂਸਟੇਬਲਾਂ ਦੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਚੰਡੀਗੜ੍ਹ ਪੁਲਿਸ ਅਗਲੇ ਇੱਕ-ਦੋ ਦਿਨਾਂ ਵਿੱਚ ਕਾਂਸਟੇਬਲ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਇਹ ਭਰਤੀ ਕੇਂਦਰੀ ਸੇਵਾ ਨਿਯਮ ਦੇ ਤਹਿਤ ਹੋਵੇਗੀ। ਸ਼ਨੀਵਾਰ ਨੂੰ ਪੁਲਿਸ ਵਿਭਾਗ ਵੱਲੋਂ ਕਾਂਸਟੇਬਲਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

ਆਨਲਾਈਨ ਅਰਜ਼ੀ ਲਈ ਇੱਕ ਮਹੀਨੇ ਦਾ ਹੋਵੇਗਾ ਸਮਾਂ

ਆਨਲਾਈਨ ਅਰਜ਼ੀ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਯੂਟੀ ਦੇ ਸਲਾਹਕਾਰ ਦੀ ਪ੍ਰਧਾਨਗੀ ਹੇਠ ਹੋਈ ਡੀਜੀਪੀ ਨਾਲ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਰਿਕਾਰਡ ਸਮੇਂ ਵਿੱਚ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਚੁਣੇ ਗਏ ਉਮੀਦਵਾਰਾਂ ਨੂੰ ਅਕਤੂਬਰ ਵਿੱਚ ਸਿਖਲਾਈ ਲਈ ਭੇਜਿਆ ਜਾਵੇਗਾ।

ਕਾਂਸਟੇਬਲ ਭਰਤੀ ‘ਚ ਸਪੋਰਟਸ ਕੋਟੇ ਦੀਆਂ ਸੀਟਾਂ ‘ਤੇ ਵੀ ਭਰਤੀ ਕੀਤੀ ਜਾਵੇਗੀ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਤੋਂ ਲਗਭਗ 50 ਅਸਾਮੀਆਂ ਭਰੀਆਂ ਜਾਣਗੀਆਂ। ਇਹ ਭਰਤੀ ਆਮ ਭਰਤੀ ਨਾਲੋਂ ਵੱਖਰੀ ਹੋਵੇਗੀ, ਪਰ ਭਰਤੀ ਪ੍ਰਕਿਰਿਆ ਨਾਲ-ਨਾਲ ਚੱਲੇਗੀ। ਚੰਡੀਗੜ੍ਹ ਪੁਲੀਸ ਵਿੱਚ ਕਾਂਸਟੇਬਲ (ਆਈ.ਟੀ.) ਦਾ ਵੱਖਰਾ ਕੇਡਰ ਬਣਾਉਣ ਦੀ ਯੋਜਨਾ ਹੈ। ਦੂਜੇ ਪਾਸੇ, ਆਈਟੀ ਮਾਹਿਰਾਂ ਲਈ 180 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ, ਜੋ ਯੂਟੀ ਪੁਲਿਸ ਦੀ ਆਈਟੀ ਪ੍ਰਣਾਲੀ ਨੂੰ ਸੰਭਾਲਣਗੇ। ਜਨਰਲ ਕਾਂਸਟੇਬਲ ਲਈ ਵਿਦਿਅਕ ਯੋਗਤਾ 12ਵੀਂ ਹੋਵੇਗੀ ਪਰ ਕਾਂਸਟੇਬਲ (ਆਈ.ਟੀ.) ਵਿੰਗ ਲਈ ਬੀ.ਟੈਕ ਡਿਗਰੀ ਹੋ ਸਕਦੀ ਹੈ।

ASI ਦੀਆਂ 43 ਅਸਾਮੀਆਂ ‘ਤੇ ਕੀਤੀ ਜਾਵੇਗੀ ਭਰਤੀ

ਚੰਡੀਗੜ੍ਹ ਪੁਲਿਸ ਵੱਲੋਂ 2022 ਵਿੱਚ 49 ਸਹਾਇਕ ਸਬ ਇੰਸਪੈਕਟਰ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਭਰਤੀ ਲਈ 15,000 ਨੌਜਵਾਨਾਂ ਨੇ ਅਪਲਾਈ ਕੀਤਾ ਸੀ ਪਰ ਲਿਖਤੀ ਪ੍ਰੀਖਿਆ ਵਿਚ ਸਿਰਫ਼ 30 ਹੀ ਪਾਸ ਹੋਏ ਸਨ। ਫਿਜ਼ੀਕਲ ਤੋਂ ਬਾਅਦ ਇਸ ਹਫ਼ਤੇ ਸਿਰਫ਼ ਛੇ ਉਮੀਦਵਾਰਾਂ ਨੂੰ ਹੀ ਏਐਸਆਈ ਦਾ ਆਫਰ ਲੈਟਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਿਸ ਵਿਭਾਗ ਜਲਦ ਹੀ 43 ਖਾਲੀ ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰੇਗਾ। ਇਨ੍ਹਾਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਨਵੰਬਰ ਤੱਕ ਪੂਰੀ ਕਰ ਲਈ ਜਾਵੇਗੀ।

ਚੰਡੀਗੜ੍ਹ ਪੁਲਿਸ ਭਰਤੀ ਸੰਬੰਧੀ ਜਰੂਰੀ ਜਾਣਕਾਰੀ

ਆਨਲਾਈਨ ਅਰਜ਼ੀਆਂ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਣਗੀਆਂ। ਪਹਿਲੀ ਲਿਖਤੀ ਪ੍ਰੀਖਿਆ ਜੁਲਾਈ ਦੇ ਅੰਤ ਵਿੱਚ ਲਈ ਜਾਵੇਗੀ।

18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਅਪਲਾਈ ਕਰ ਸਕਣਗੇ। 33 ਫੀਸਦੀ ਅਸਾਮੀਆਂ ਔਰਤਾਂ ਲਈ ਰਾਖਵੀਆਂ ਹੋਣਗੀਆਂ।

ਸਰੀਰਕ ਪ੍ਰੀਖਿਆ ਸਤੰਬਰ ਦੇ ਅੱਧ ਤੱਕ ਹੋਵੇਗੀ।

ਇਸ ਤੋਂ ਇਲਾਵਾ ਪ੍ਰਸ਼ਾਸਕ ਦੇ ਸਲਾਹਕਾਰ ਡਾ: ਧਰਮਪਾਲ ਨੇ ਦੱਸਿਆ ਕਿ ਯੂਟੀ ਪ੍ਰਸ਼ਾਸਨ ਪਹਿਲੀ ਵਾਰ ਚੰਡੀਗੜ੍ਹ ਪੁਲੀਸ ਵਿੱਚ ਕਾਂਸਟੇਬਲਾਂ ਦੀ ਵੱਡੀ ਗਿਣਤੀ ਵਿੱਚ ਭਰਤੀ ਕਰਨ ਜਾ ਰਿਹਾ ਹੈ। ਭਰਤੀ ਰਿਕਾਰਡ ਸਮੇਂ ਅਤੇ ਪੂਰੀ ਪਾਰਦਰਸ਼ਤਾ ਨਾਲ ਮੁਕੰਮਲ ਕੀਤੀ ਜਾਵੇਗੀ। ਨੌਜਵਾਨਾਂ ਲਈ ਚੰਡੀਗੜ੍ਹ ‘ਚ ਨੌਕਰੀ ਹਾਸਲ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਖਿਡਾਰੀਆਂ ਦੀ ਭਰਤੀ ਲਈ ਵੀ ਕੋਟਾ ਤੈਅ ਕੀਤਾ ਗਿਆ ਹੈ।