ਮੋਗਾ। ਸੋਮਵਾਰ ਨੂੰ ਮੋਗਾ ਦੀ ਰਾਮਗੰਜ ਮੰਡੀ ‘ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁੱਟ-ਖੋਹ ਦੇ ਇਰਾਦੇ ਨਾਲ ਜਿਊਲਰ ਦੀ ਦੁਕਾਨ ‘ਤੇ ਅੰਜਾਮ ਦਿੱਤੀ ਗਈ ਇਸ ਘਟਨਾ ‘ਚ ਗੋਲੀ ਲੱਗਣ ਨਾਲ ਦੁਕਾਨਦਾਰ ਪਰਵਿੰਦਰ ਸਿੰਘ ਵਿੱਕੀ ਦੀ ਅੱਜ ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਵਾਰਦਾਤ ਤੋਂ ਨਰਾਜ਼ ਮੋਗਾ ਦੀ ਸਰਾਫਾ ਮੰਡੀ ‘ਚ ਸਮੂਹ ਦੁਕਾਨਦਾਰਾਂ ਵੱਲੋਂ ਧਰਨਾ ਦੇ ਕੇ ਮੋਗਾ ਦਾ ਮੁੱਖ ਬਾਜ਼ਾਰ ਬੰਦ ਕਰ ਦਿੱਤਾ ਗਿਆ।
ਦੁਕਾਨਦਾਰਾਂ ਅਤੇ ਵਪਾਰੀਆਂ ਦੀ ਮੰਗ ਹੈ ਕਿ ਜਦੋਂ ਤੱਕ ਕਾਤਲ ਅਤੇ ਲੁਟੇਰੇ ਫੜੇ ਨਹੀਂ ਜਾਂਦੇ, ਉਦੋਂ ਤੱਕ ਮ੍ਰਿਤਕ ਦੁਕਾਨਦਾਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਦੁਕਾਨਦਾਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਿਹਾ ਕਿ ਉਹ ਰਾਤ ਨੂੰ ਤਾਂ ਅਸੁਰੱਖਿਅਤ ਮਹਿਸੂਸ ਕਰ ਹੀ ਰਹੇ ਸਨ, ਹੁਣ ਦਿਨ ਵੇਲੇ ਵੀ ਉਹ ਸੁਰੱਖਿਅਤ ਨਹੀਂ ਰਹੇ ਹਨ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ
ਉੱਧਰ ਵਾਰਦਾਤ ਦੀ ਜਾਣਕਾਰੀ ਦਿੰਦਿਆਂ ਮੋਗਾ ਦੇ ਐਸਐਸਪੀ ਨੇ ਦੱਸਿਆ ਕਿ ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ 5 ਲੁਟੇਰੇ ਮੋਗਾ ਦੀ ਰਾਮਗੰਜ ਮੰਡੀ ਵਿੱਚ ਇੱਕ ਸਰਾਫੇ ਦੇ ਸ਼ੋਅਰੂਮ ਵਿੱਚ ਗਾਹਕ ਬਣ ਕੇ ਆਏ। ਕੁਝ ਦੇਰ ਬਾਅਦ ਉਨ੍ਹਾਂ ਨੇ ਮੌਕਾ ਪਾ ਕੇ ਦੁਕਾਨ ਦੇ ਮਾਲਕ ਵੱਲ ਪਿਸਤੌਲ ਤਾਣ ਦਿੱਤੀ। ਲੁਟੇਰਿਆਂ ਦੀ ਇਸ ਹਰਕਤ ਦੇ ਤੁਰੰਤ ਬਾਅਦ ਦੁਕਾਨਦਾਰ ਪਰਵਿੰਦਰ ਸਿੰਘ ਵਿੱਕੀ ਨੇ ਵੀ ਆਪਣੀ ਪਿਸਤੌਲ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤੱਕ ਲੁਟੇਰੇ ਨੇ ਵਿੱਕੀ ‘ਤੇ ਗੋਲੀ ਚਲਾ ਦਿੱਤੀ ਸੀ। ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਏ। ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਪਰ ਉੱਥੇ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਗੋਲੀ ਚੱਲਣ ਤੋਂ ਬਾਅਦ ਦਹਿਸ਼ਤ ਵਿੱਚ ਆਈ ਸੇਲਸ ਗਰਲ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਲੁਟੇਰਿਆਂ ਨੇ ਉਸਨੂੰ ਘਸੀਟ ਕੇ ਅੰਦਰ ਵੱਲ ਖਿੱਚ ਲਿਆ। ਬਾਅਦ ਵਿੱਚ ਇਹ ਲੁਟੇਰੇ ਉੱਥੋਂ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ।
ਫਿਲਹਾਲ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੁਲਿਸ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਜੁਟ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਉਹ ਮੁਲਜ਼ਮਾਂ ਤੱਕ ਪਹੁੰਚ ਜਾਵੇਗੀ ਅਤੇ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਬਣਦੀ ਸਜ਼ਾ ਦੁਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।