ਪੰਜਾਬ ਦੇ ਗ੍ਰੈਜੂਏਟ ਨੌਜਵਾਨਾਂ ਲਈ ਸੁਨਹਿਰੀ ਮੌਕਾ : ਮਹਾਤਮਾ ਗਾਂਧੀ ਫੈਲੋਸ਼ਿਪ ਕਰੋ ਅਪਲਾਈ, 50 ਹਜ਼ਾਰ ਰੁਪਏ ਮਹੀਨਾ ਮਿਲੇਗਾ ਭੱਤਾ

0
3423

ਜਲੰਧਰ | ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵੱਲੋਂ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਵਾਧਾ ਕਰਨ ਦੀ ਪਹਿਲਕਦਮੀ ਕਰਦਿਆਂ ਦੇਸ਼ ਭਰ ਤੋਂ ਮਹਾਤਮਾ ਗਾਂਧੀ ਰਾਸ਼ਟਰੀ ਫੈਲੋਸ਼ਿਪ (ਐਮ.ਜੀ.ਐਨ.ਐੱਫ.) ਲਈ ਅਰਜ਼ੀਆਂ ਦੀ ਮੰਗ ਕੀਤੀ ਗਈ। ਐਮ.ਜੀ.ਐਨ.ਐੱਫ. ਦਾ ਮੰਤਵ ਹੁਨਰ ਵਿਕਾਸ ਰਾਹੀਂ ਸਰਕਾਰੀ ਕੰਮਕਾਜ ਦੇ ਵਿਕੇਂਦਰੀਕਰਨ ਲਈ ਜ਼ਿਲ੍ਹਾ ਪੱਧਰੀ ਸਕਿੱਲ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਆਪਣੀ ਸਿਖਲਾਈ ਦੌਰਾਨ ਫੈਲੋਜ਼ ਜ਼ਿਲ੍ਹਾ ਪੱਧਰ ‘ਤੇ ਹੁਨਰ ਪ੍ਰੋਗਰਾਮਾਂ ਦੇ ਵਿਕਾਸ, ਪ੍ਰਬੰਧਨ ਅਤੇ ਤਾਲਮੇਲ ਲਈ ਜ਼ਿਲ੍ਹਾ ਹੁਨਰ ਕਮੇਟੀ (ਡੀਐਸਸੀ) ਲਈ ਇੱਕ ਮਜ਼ਬੂਤ ਕੜੀ ਹੋਣਗੇ ਜੋ ਰੀਸੋਰਸ ਪਰਸਨ ਵਜੋਂ ਕੰਮ ਕਰਨਗੇ।

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੰਕਲਪ ਤਹਿਤ ਐਮ.ਐਸ.ਡੀ.ਈ. ਵੱਲੋਂ ਮਹਾਤਮਾ ਗਾਂਧੀ ਨੈਸ਼ਨਲ ਫੈਲੋਸ਼ਿਪ (ਐਮ.ਜੀ.ਐਨ.ਐਫ.) ਦੇ ਦੂਜੇ ਪੜਾਅ ਦੀ ਸ਼ੁਰੂਆਤ 9 ਆਈ.ਆਈ.ਐਮਜ਼ ਨਾਲ ਅਕਾਦਮਿਕ ਭਾਈਵਾਲਾਂ ਵਜੋਂ ਕੀਤੀ ਗਈ ਹੈ ਜਿਹਨਾਂ ਵਿਚ ਆਈ.ਆਈ.ਐਮ. ਬੰਗਲੌਰ, ਆਈ.ਆਈ.ਐਮ. ਅਹਿਮਦਾਬਾਦ, ਆਈ.ਆਈ.ਐਮ. ਲਖਨਊ, ਆਈ.ਆਈ.ਐਮ. ਕੋਜ਼ੀਕੋਡ, ਆਈ.ਆਈ.ਐਮ. ਵਿਸ਼ਾਖਾਪਟਨਮ, ਆਈ.ਆਈ.ਐਮ. ਉਦੈਪੁਰ, ਆਈ.ਆਈ.ਐਮ. ਨਾਗਪੁਰ, ਆਈ.ਆਈ.ਐਮ. ਰਾਂਚੀ ਅਤੇ ਆਈ.ਆਈ.ਐਮ. ਜੰਮੂ ਸ਼ਾਮਲ ਹਨ।

ਫੈਲੋਜ਼ ਦੀ ਚੋਣ ਆਈ.ਆਈ.ਐਮ. ਬੰਗਲੌਰ ਵੱਲੋਂ ਚੱਲ ਰਹੀ ਆਮ ਦਾਖਲਾ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਆਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 27 ਮਾਰਚ, 2021 ਹੈ। ਐਮ.ਜੀ.ਐਨ.ਐੱਫ. ਦੋ ਸਾਲਾ ਅਕਾਦਮਿਕ ਪ੍ਰੋਗਰਾਮ ਹੈ ਜਿਸ ਵਿਚ ਆਈ.ਆਈ.ਐਮ. ਵਿਖੇ ਕਲਾਸਰੂਮ ਸੈਸ਼ਨ ਦੇ ਨਾਲ ਜ਼ਿਲ੍ਹਾ ਪੱਧਰ ‘ਤੇ ਵਿਸਤ੍ਰਿਤ ਫੀਲਡ ਸੈਸ਼ਨ ਸ਼ਾਮਲ ਹਨ। ਫੈਲੋਜ਼ ਸਮੁੱਚੇ ਸਕਿੱਲ ਈਕੋਸਿਸਟਮ ਨੂੰ ਸਮਝਣ ਲਈ ਅਕਾਦਮਿਕ ਮੁਹਾਰਤ ਅਤੇ ਤਕਨੀਕੀ ਕੁਸ਼ਲਤਾ ਹਾਸਲ ਕਰਨਗੇ ਅਤੇ ਜ਼ਿਲ੍ਹਾ ਹੁਨਰ ਵਿਕਾਸ ਯੋਜਨਾਵਾਂ (ਡੀ.ਐਸ.ਡੀ.ਪੀਜ਼) ਬਣਾ ਕੇ ਜ਼ਿਲ੍ਹਾ ਪੱਧਰ ‘ਤੇ ਹੁਨਰ ਵਿਕਾਸ ਯੋਜਨਾਵਾਂ ਦੇ ਪ੍ਰਬੰਧਨ ਲਈ ਜ਼ਿਲ੍ਹਾ ਹੁਨਰ ਕਮੇਟੀ (ਡੀ.ਐਸ.ਸੀਜ਼) ਦੀ ਸਹਾਇਤਾ ਕਰਨਗੇ। ਅਰਜ਼ੀ ਦੇਣ ਦੀ ਆਖ਼ਰੀ ਤਰੀਕ 27 ਮਾਰਚ 2021 ਹੈ ਅਤੇ ਅਪਲਾਈ ਕਰਨ ਸਬੰਧੀ ਵਧੇਰੇ ਜਾਣਕਾਰੀ http://www.iimb.ac.in/mgnf/ ਲਿੰਕ ਤੋਂ ਲਈ ਜਾ ਸਕਦੀ ਹੈ।

ਚਾਹਵਾਨ ਉਮੀਦਵਾਰਾਂ ਕੋਲ ਇੱਕ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ ਘੱਟ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। ਉਹ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹਨ ਅਤੇ ਉਹਨਾਂ ਦੀ ਉਮਰ 21-30 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਕੋਲ ਸੂਬੇ ਦੇ ਖੇਤਰੀ ਕਾਰਜਾਂ ਵਿਚ ਵਰਤੀ ਜਾਣ ਵਾਲੀ ਅਧਿਕਾਰਤ ਭਾਸ਼ਾ ਵਿੱਚ ਮੁਹਾਰਤ ਹੋਣੀ ਲਾਜ਼ਮੀ ਹੈ। ਫੈਲੋਜ਼ ਭਾਰਤ ਸਰਕਾਰ ਦੇ ਕਰਮਚਾਰੀ ਨਹੀਂ ਹੋਣੇ ਚਾਹੀਦੇ। ਚੁਣੇ ਗਏ ਫੈਲੋਜ਼ ਨੂੰ ਸਟਾਫਿਨ ਵਜੋਂ ਉਹਨਾਂ ਦੀ ਫੈਲੋਸ਼ਿਪ ਦੇ ਪਹਿਲੇ ਸਾਲ 50,000 ਰੁਪਏ ਪ੍ਰਤੀ ਮਹੀਨਾ ਅਤੇ ਦੂਜੇ ਸਾਲ 60,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਪ੍ਰੋਗਰਾਮ ਮੁਕੰਮਲ ਹੋਣ ਤੇ, ਫੈਲੋਜ਼ ਨੂੰ ਮੇਜ਼ਬਾਨ ਆਈ.ਆਈ.ਐਮ. ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।