ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਐਜੂਕੇਸ਼ਨ ਕਾਲਜਾਂ ’ਚ ਸੈਸ਼ਨ 2023-24 ਲਈ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਬੀਐੱਡ ਕੋਰਸ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀਈਟੀ) ਅਤੇ ਸੈਂਟਰਲਾਈਜ਼ਡ ਕੌਂਸਲਿੰਗ ਕਰਵਾਉਣ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਸਰਕਾਰੀ, ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸੈਲਫ ਫਾਈਨਾਂਸ ਕਾਲਜਾਂ ਦੇ ਦਾਖਲੇ ਸ਼ਾਮਲ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਬੀਐੱਡ ਸਾਂਝੀ ਦਾਖਲਾ ਪ੍ਰੀਖਿਆ (ਸੀਈਟੀ) ਅਤੇ ਸੈਂਟਰਲਾਈਜ਼ਡ ਕੌਂਸਲਿੰਗ ਨੂੰ ਸੁਚਾਰੂ ਰੂਪ ਨਾਲ ਨੇਪਰੇ ਚਾੜ੍ਹਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਅਮਿਤ ਕੌਟਸ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਬੀਐੱਡ ਦਾਖਲਾ ਪੋਰਟਲ 5 ਜੂਨ 2023 ਤੋਂ ਸ਼ੁਰੂ ਹੋ ਜਾਵੇਗਾ ਅਤੇ ਵੱਖ-ਵੱਖ ਯੂਨੀਵਰਸਿਟੀਆਂ ਨਾਲ ਸਬੰਧਤ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਪੋਰਟਲ ਤੋਂ ਲਾਜ਼ਮੀ ਪ੍ਰੋਫਾਰਮਾ ਡਾਊਨਲੋਡ ਕਰਨਾ ਹੋਵੇਗਾ ਅਤੇ ਸਹੀ ਢੰਗ ਨਾਲ ਭਰਿਆ ਪ੍ਰੋਫਾਰਮਾ ਯੂਨੀਵਰਸਿਟੀ ਦੇ ਡੀਨ, ਕਾਲਜ ਵਿਕਾਸ ਕੌਂਸਲ ਦੁਆਰਾ ਦਸਤਖਤ ਕਰਨ ਉਪਰੰਤ ਈਮੇਲ ਕੀਤਾ ਜਾਣਾ ਲਾਜ਼ਮੀ ਹੈ।