ਜਲੰਧਰ : ਭੈਣਾਂ ਦਾ ਭਰਾਵਾਂ ਪ੍ਰਤੀ ਪਿਆਰ ਕਦੇ ਨਹੀਂ ਘੱਟਦਾ, ਫਿਰ ਭਾਵੇਂ ਉਹ ਇਕ-ਦੂਜੇ ਤੋਂ ਕਿੰਨੇ ਵੀ ਦੂਰ ਕਿਉਂ ਨਾ ਰਹਿੰਦੇ ਹੋਣ। ਇਹ ਪਿਆਰ ਰੱਖੜੀ ਦੇ ਤਿਓਹਾਰ ‘ਤੇ ਦੇਖਿਆ ਜਾ ਸਕਦਾ ਹੈ, ਜਦੋਂ ਭੈਣਾਂ ਦੂਰ-ਦੁਰਾਡੇ ਰਹਿੰਦਿਆਂ ਵੀ ਆਪਣੇ ਭਰਾਵਾਂ ਨੂੰ ਰੱਖੜੀ ਭੇਜਣਾ ਨਹੀਂ ਭੁੱਲਦੀਆਂ।
ਇਸੇ ਪਿਆਰ ਨੂੰ ਧਿਆਨ ‘ਚ ਰੱਖਦਿਆਂ ਭੈਣਾਂ ਦੀ ਸਹੂਲਤ ਲਈ ਡਾਕ ਵਿਭਾਗ ਨੇ ਵਾਟਰ ਪਰੂਫ ਤੇ ਆਕਰਸ਼ਕ ਲਿਫ਼ਾਫਿਆਂ ਦਾ ਪ੍ਰਬੰਧ ਕੀਤਾ ਹੈ, ਜਿਸ ਵਿਚ ਭੈਣਾਂ ਆਪਣੇ ਵੀਰਾਂ ਨੂੰ ਰੱਖੜੀ ਭੇਜ ਸਕਣਗੀਆਂ। ਇਸ ਲਿਫ਼ਾਫੇ ਦੀ ਕੀਮਤ 10 ਰੁਪਏ ਰੱਖੀ ਗਈ ਹੈ, ਜਿਸ ਨੂੰ ਕਿਸੇ ਵੀ ਡਾਰ ਘਰ ਤੋਂ ਖਰੀਦਿਆ ਜਾ ਸਕਦਾ ਹੈ। ਜੇ ਇਨ੍ਹਾਂ ਲਿਫ਼ਾਫਿਆਂ ਦੀ ਡਿਮਾਂਡ ਵੱਧ ਜਾਂਦੀ ਹੈ ਤਾਂ ਇਸ ਦੇ ਸਟਾਕ ‘ਚ ਹੋਰ ਵੀ ਵਾਧਾ ਕੀਤਾ ਜਾਵੇਗਾ।
ਆਮ ਰੱਖੜੀ ਦੇ ਲਿਫ਼ਾਫੇ ਦੀ ਕੀਮਤ 5 ਰੁਪਏ ਹੈ। ਕੋਰੋਨਾ ਦੌਰ ਵਿਚ ਦੂਰ-ਦੁਰਾਡੇ ਰਹਿੰਦੇ ਭੈਣ-ਭਰਾਵਾਂ ਤੱਕ ਸੁਰੱਖਿਅਤ ਰੱਖੜੀ ਲਿਆਉਣ ਦਾ ਇਹ ਇਕ ਵਧੀਆ ਆਪਸ਼ਨ ਹੈ। ਬਰਸਾਤ ਦੇ ਮੌਸਮ ਵਿਚ ਵਾਟਰ ਪਰੂਫ ਲਿਫ਼ਾਫੇ ਗਿੱਲੇ ਹੋਣ ਤੇ ਫਟਣ ਦਾ ਕੋਈ ਡਰ ਨਹੀਂ ਰਹੇਗਾ।
ਲਿਫ਼ਾਫਇਆਂ ਦਾ ਆਕਾਰ ਵੀ ਆਮ ਨਾਲੋਂ ਵੱਡਾ ਹੈ। ਇਨ੍ਹਾਂ ਸਧਾਰਨ ਲਿਫ਼ਾਫਿਆਂ ਦਾ ਡਿਜ਼ਾਈਨ ਤੇ ਇਸ ਉਪਰ ਲਿਖਿਆ ‘ਹੈਪੀ ਰਕਸ਼ਾ ਬੰਧਨ’ ਇਨ੍ਹਾਂ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ ਤੇ ਭੈਣਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹੈ ਹੈ। ਵਾਟਰ ਪਰੂਫ ਹੋਣ ਕਾਰਨ ਇਨ੍ਹਾਂ ਨੂੰ ਸੈਨੇਟਾਈਜ਼ ਵੀ ਕੀਤਾ ਜਾ ਸਕਦਾ ਹੈ।