ਜਗਰਾਓਂ/ਲੁਧਿਆਣਾ| ਭੂਆ ਦੇ ਮੁੰਡੇ ਨੂੰ ਉਸ ਦੇ ਦੋਸਤਾਂ ਨਾਲ ਸ਼ਰਾਬ ਪਿਲਾਉਣ ਤੋਂ ਬਾਅਦ ਉਸ ਨੂੰ ਇਕੱਲਿਆਂ ਨਹਿਰ ਕੰਢੇ ਲਿਜਾ ਕੇ ਇੰਗਲੈਂਡ ਤੋਂ ਪਰਤੇ ਮਾਮੇ ਦੇ ਮੁੰਡੇ ਨੇ ਕਤਲ ਕਰ ਕੇ ਲਾਸ਼ ਨਹਿਰ ’ਚ ਸੁੱਟ ਦਿੱਤੀ। ਇਸ ਮਾਮਲੇ ’ਚ ਥਾਣਾ ਜੋਧਾਂ ਦੀ ਪੁਲਿਸ ਨੇ ਕਤਲ ਕਰਨ ਵਾਲੇ ਨੂੰ ਕੁਝ ਘੰਟਿਆਂ ’ਚ ਹੀ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧੀ ਡੀਐੱਸਪੀ ਮੁੱਲਾਂਪੁਰ ਦਾਖਾ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਚੌਂਕੀਮਾਨ ਜਿਸ ਦੇ ਪਿਤਾ ਕੈਨੇਡਾ ਰਹਿੰਦੇ ਹਨ, ਬੀਤੀ ਸ਼ਾਮ ਆਪਣੇ ਰਿਸ਼ਤੇਦਾਰੀ ’ਚ ਲੱਗਦੇ ਚਾਚੇ ਦੇ ਪੁੱਤ ਅਮਨਦੀਪ ਸਿੰਘ ਉਰਫ਼ ਅਮਨਾ ਪੁੱਤਰ ਗੁਰਤੇਜ ਸਿੰਘ ਵਾਸੀ ਚੌਂਕੀਮਾਨ, ਮਨਜੋਤ ਸਿੰਘ ਉਰਫ਼ ਹਨੀ ਪੁੱਤਰ ਇਕਬਾਲ ਸਿੰਘ ਵਾਸੀ ਚੌਂਕੀਮਾਨ ਨਾਲ ਘਰ ਦੇ ਬਾਹਰ ਖੜ੍ਹੇ ਗੱਲਾਂ ਕਰ ਰਹੇ ਸਨ। ਇੰਨੇ ਨੂੰ ਉਥੇ ਅਮਨਦੀਪ ਸਿੰਘ ਦੇ ਮਾਮੇ ਦਾ ਮੁੰਡਾ ਇਕਬਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜੋਧਾਂ ਜੋ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਵਾਪਸ ਪਰਤਿਆ ਸੀ, ਆਪਣੀ ਸਵਿੱਫਟ ਕਾਰ ’ਤੇ ਆ ਗਿਆ।
ਗੱਲਾਬਾਤਾਂ ਮਾਰਦੇ ਇਕਬਾਲ ਸਿੰਘ ਨੇ ਉਨ੍ਹਾਂ ਤਿੰਨਾਂ ਨੂੰ ਕਿਹਾ ਕਿ ਚਲੋ ਅੱਜ ਦਾਰੂ ਪੀਂਦੇ ਹਾਂ। ਜਿਸ ’ਤੇ ਉਹ ਚਾਰੇ ਕਾਰ ’ਤੇ ਅਮਨਦੀਪ ਦੀ ਚੌਂਕੀਮਾਨ ਤੋਂ ਸੋਹੀਆਂ ਵਾਲੇ ਰਾਹ ’ਤੇ ਮੋਟਰ ’ਤੇ ਚਲੇ ਗਏ। ਜਿਥੇ ਉਨ੍ਹਾਂ ਸਾਰਿਆਂ ਨੇ ਸ਼ਰਾਬ ਪੀਤੀ ਪਰ ਇਕਬਾਲ ਸਿੰਘ ਨੇ ਉਨ੍ਹਾਂ ਨਾਲ ਸ਼ਰਾਬ ਨਹੀਂ ਪੀਤੀ, ਉਸ ਤੋਂ ਬਾਅਦ ਇਕਬਾਲ ਸਿੰਘ, ਅਮਨਦੀਪ ਸਿੰਘ ਉਰਫ਼ ਅਮਨਾ ਤੇ ਮਨਜੋਤ ਸਿੰਘ ਉਰਫ਼ ਹਨੀ ਨੂੰ ਉਨ੍ਹਾਂ ਦੇ ਘਰ ਉਤਾਰ ਕੇ ਅਮਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਨੂੰ ਨਾਲ ਹੀ ਕਾਰ ’ਚ ਬਿਠਾ ਕੇ ਲੈ ਗਿਆ।
ਵੀਰਵਾਰ ਸਵੇਰੇ ਅਮਨਦੀਪ ਦੀ ਮਾਤਾ ਕੁਲਵੰਤ ਕੌਰ ਨੇ ਅਮਨਦੀਪ ਅਮਨਾ ਨੂੰ ਦੱਸਿਆ ਕਿ ਅਮਨਦੀਪ ਸਿੰਘ ਰਾਤ ਘਰ ਨਹੀਂ ਆਇਆ। ਜਿਸ ’ਤੇ ਅਮਨਦੀਪ ਅਮਨਾ ਤੇ ਮਨਜੋਤ ਇਕਬਾਲ ਸਿੰਘ ਦੇ ਘਰ ਪਿੰਡ ਜੋਧਾਂ ਗਏ ਜਿਥੇ ਇਕਬਾਲ ਨੇ ਅਮਨਦੀਪ ਬਾਰੇ ਕੁਝ ਨਾ ਦੱਸਿਆ।
ਡੀਐੱਸਪੀ ਜਸਵਿੰਦਰ ਸਿੰਘ ਖਹਿਰਾ ਅਨੁਸਾਰ ਇਸੇ ਦੌਰਾਨ ਬਿਜਲੀ ਗਰਿੱਡ ਸੁਧਾਰ ਪੁਲ਼ ਨਹਿਰ ਵਿਚ ਇਕ ਤੈਰਦੀ ਲਾਸ਼ ਮਿਲੀ ਜੋ ਬੀਤੀ ਰਾਤ ਲਾਪਤਾ ਹੋਏ ਅਮਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਦੀ ਸੀ। ਉਸ ਦੇ ਸਿਰ ਤੇ ਚਿਹਰੇ ’ਤੇ ਕਾਫ਼ੀ ਸੱਟਾਂ ਸਨ। ਇਸ ’ਤੇ ਥਾਣਾ ਜੋਧਾਂ ਦੇ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਨੇ ਮ੍ਰਿਤਕ ਦੇ ਮਾਮੇ ਦੇ ਮੁੰਡੇ ਇਕਬਾਲ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਇਕਬਾਲ ਨੇ ਹੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਮਨਦੀਪ ਨੂੰ ਸ਼ਰਾਬੀ ਹਾਲਤ ’ਚ ਨਹਿਰ ਪੁਲ਼ ’ਤੇ ਲੈ ਜਾ ਕੇ ਦਾਤਰ ਦੇ ਵਾਰ ਕਰਦਿਆਂ ਕਤਲ ਕਰਨ ਤੋਂ ਬਾਅਦ ਲਾਸ਼ ਨਹਿਰ ਵਿਚ ਸੁੱਟ ਦਿੱਤੀ।