ਗ਼ਜ਼ਲ

0
4550

-ਲਖਵਿੰਦਰ ਜੌਹਲ

ਕਾਲ ਕੋਰੋਨਾ ਚੜ੍ਹ ਕੇ ਆਇਆ, ਕਿੰਨੀਆਂ ਜ਼ਿੰਦਾ ਰੋਲ ਗਿਆ।
ਦੁਨੀਆ ਦੇ ਪ੍ਰਬੰਧਾਂ ਵਾਲੇ, ਸਾਰੇ ਪਰਦੇ ਫੋਲ ਗਿਆ।
ਆਫ਼ਤ ਦੇ ਅਸਮਾਨੋਂ ਲੱਥਾ, ਕਾਲਾ ਦੈਂਤ ਬੇਕਾਰੀ ਦਾ,
ਰੋਟੀ ਮੰਗਦੇ ਢਿੱਡਾਂ ਅੰਦਰ, ਭੁੱਖ ਦਾ ਖੰਜਰ ਖੋਭ ਗਿਆ।
ਮੌਤਾਂ ਵੰਡਣ ਵਾਲੇ ਵੀ ਅੱਜ, ਸਹਿਮੇ ਸਹਿਮੇ ਫਿਰਦੇ ਨੇ,
ਅੱਖਾਂ ਸਾਹਵੇਂ ਮੌਤ ਨਚੇਂਦੀ, ਪਰ ਨਾ ਹਾਲੇ ਲੋਭ ਗਿਆ।
ਅੱਖਾਂ ਦੇ ਅਸਮਾਨ ‘ਚ ਡੁੱਬੀ, ਹਿਰਸ ਸਵੇਰਾ ਵੇਖਣ ਦੀ,
ਤੇਰੀ ਅੱਖ ਚੋਂ ਡਿੱਗਿਆ ਹੰਝੂ, ਮੇਰਾ ਵੀ ਮਨ ਡੋਲ ਗਿਆ।
ਬਦਲੀ ਨੀਤ, ਨਜ਼ਾਰੇ ਬਦਲੇ, ਬਦਲੀ ਨੀਤੀ ਹਾਕਮ ਦੀ,
ਝੂਠ-ਮਕਾਰੀ, ਮਾਨਵਤਾ ਨੂੰ, ਇਕੋ ਪਲੜੇ ਤੋਲ ਗਿਆ।
ਮਕਤਲ ਦੇ ਦਰਵਾਜ਼ੇ ਖੜ ਕੇ, ਤਰਲੇ ਮਿੰਨਤਾਂ ਕੀ ਕਰਨੇ,
ਉੱਚਾ ਕਰਕੇ ਸਿਰ ਨੂੰ ‘ਜੌਹਲ’, ਸੱਚਾ ਸੱਚਾ ਬੋਲ ਗਿਆ।

(ਲਖਵਿੰਦਰ ਜੌਹਲ ਲੇਖਕ ਹੋਣ ਦੇ ਨਾਲ-ਨਾਲ ਦੂਰਦਰਸ਼ਨ ਦੇ ਸਾਬਕਾ ਨਿਰਦੇਸ਼ਕ ਵੀ ਰਹੇ ਹਨ। ਅੱਜਕੱਲ੍ਹ ਉਹ ਜਲੰਧਰ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਪੰਜਾਬ ਕਲਾ ਮੰਚ ਦੇ ਜਨਰਲ ਸਕੱਤਰ ਹਨ। ਉਨ੍ਹਾਂ ਨਾਲ ਇਸ 9417194812 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)

ਤੁਸੀਂ ਆਪਣੀਆਂ ਰਚਨਾਵਾਂ literaturebulletin@gmail.com ‘ਤੇ ਭੇਜ ਸਕਦੇ ਹੋ।