ਮੁਹਾਲੀ | ਪੰਜ ਦਿਨ ਦੀ ਬੱਚੀ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪਟਿਆਲਾ ਵਾਸੀ ਚਰਨਬੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਲੜਕੀਆਂ ਦਾ 2 ਲੱਖ ਰੁਪਏ ਅਤੇ ਲੜਕਿਆਂ ਦਾ 4 ਰੁਪਏ ਵਿੱਚ ਸੌਦਾ ਕਰਦੇ ਸਨ। ਹੁਣ ਤੱਕ ਛੇ ਬੱਚਿਆਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਜਾ ਚੁੱਕਾ ਹੈ। ਤਿੰਨ ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ।
ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚੋਂ ਫਰੀਦਕੋਟ ਵਾਸੀ ਮਨਜਿੰਦਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਨੂੰ ਪਹਿਲਾਂ ਹੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਹੁਣ ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੰਜ ਦਿਨ ਦੇ ਬੱਚੇ ਤੋਂ ਇਲਾਵਾ ਪੰਜ ਹੋਰ ਬੱਚਿਆਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਹੈ। ਇਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਵੀ ਮੌਤ ਹੋ ਚੁੱਕੀ ਹੈ। ਇਹ ਦੋਵੇਂ ਮੁਲਜ਼ਮ ਲੋੜਵੰਦ ਲੋਕਾਂ ਨਾਲ ਬੱਚਿਆਂ ਦਾ ਸੌਦਾ ਕਰਦੇ ਸਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬੱਚਾ ਤਸਕਰ ਗਿਰੋਹ ਤਿੰਨ ਟੀਮਾਂ ਵਿੱਚ ਕੰਮ ਕਰਦਾ ਸੀ। ਉਸ ਦੀ ਪਹਿਲੀ ਟੀਮ ਵਿੱਚ ਤਿੰਨ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚ ਲੰਬਰ ਦੇ ਨਾਲ ਦੋ ਨੌਜਵਾਨ ਸੰਨੀ ਅਤੇ ਇੱਕ ਔਰਤ ਅਮਰੋਹ ਵੀ ਸ਼ਾਮਲ ਹੈ। ਇਹ ਟੀਮ ਗਰੀਬ ਲੋਕਾਂ ਨਾਲ ਰਾਬਤਾ ਬਣਾਈ ਰੱਖਦੀ ਸੀ। ਇੱਥੋਂ ਉਹ 70 ਤੋਂ 80 ਹਜ਼ਾਰ ਰੁਪਏ ਵਿੱਚ ਸੌਦੇਬਾਜ਼ੀ ਕਰ ਕੇ ਬੱਚੇ ਖਰੀਦਦੀ ਸੀ।
ਦੂਸਰੀ ਟੀਮ ਵਿੱਚ, ਜੋ ਜੋੜਾ ਨਿਆਂਇਕ ਹਿਰਾਸਤ ਵਿੱਚ ਹੈ, ਕੰਮ ਕਰਦਾ ਸੀ। ਇਹ ਟੀਮ ਬੱਚੇ ਨੂੰ ਪਹਿਲੀ ਟੀਮ ਤੋਂ ਤੀਜੀ ਟੀਮ ਵਿੱਚ ਲੈ ਜਾਂਦੀ ਸੀ। ਤੀਜੀ ਟੀਮ ਵਿੱਚ ਪਟਿਆਲਾ ਵਾਸੀ ਚਰਨਬੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਸ਼ਾਮਲ ਸਨ। ਉਨ੍ਹਾਂ ਦਾ ਕੰਮ ਅਜਿਹੇ ਪਰਿਵਾਰਾਂ ਨਾਲ ਸੰਪਰਕ ਕਰਨਾ ਸੀ, ਜਿਨ੍ਹਾਂ ਨੂੰ ਬੱਚੇ ਦੀ ਲੋੜ ਸੀ। ਇਸ ਤੋਂ ਬਾਅਦ ਉਹ ਬੱਚੇ ਦਾ ਸੌਦਾ ਕਰ ਕੇ ਦੋ ਲੱਖ ਤੋਂ ਪੰਜ ਲੱਖ ਰੁਪਏ ਵਿੱਚ ਵੇਚ ਦਿੰਦੇ ਸਨ।
ਇਹ ਮਾਮਲਾ ਸੀ
ਦੱਸ ਦੇਈਏ ਕਿ ਬੀਤੀ 30 ਜਨਵਰੀ ਨੂੰ ਮੁਹਾਲੀ ਵਿੱਚ ਪੰਜ ਦਿਨਾਂ ਦੀ ਮਾਸੂਮ ਬੱਚੀ ਨੂੰ ਵੇਚਣ ਆਏ ਦੋ ਜੋੜਿਆਂ ਨੂੰ ਸੋਹਾਣਾ ਪੁਲਿਸ ਨੇ ਸੈਕਟਰ 86-87 ਚੌਕ ਤੋਂ ਕਾਬੂ ਕੀਤਾ ਸੀ। ਚਾਰਾਂ ਕੋਲੋਂ ਮਾਸੂਮ ਵੀ ਬਰਾਮਦ ਹੋਇਆ। ਪੁਲਿਸ ਇਸ ਗਿਰੋਹ ਦੇ ਸਰਗਨਾ ਸੰਨੀ ਦੀ ਵੀ ਭਾਲ ਕਰ ਰਹੀ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਔਰਤ ਪਰਵਿੰਦਰ ਕੌਰ ਵਾਸੀ ਪਟਿਆਲਾ ਖ਼ਿਲਾਫ਼ ਚੰਡੀਗੜ੍ਹ ਦੀ ਰਹਿਣ ਵਾਲੀ ਇੱਕ ਔਰਤ ਨੇ ਸ਼ਿਕਾਇਤ ਦਿੱਤੀ ਹੈ। ਇਸ ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਪਰਵਿੰਦਰ ਕੌਰ ਬੱਚਿਆਂ ਦੇ ਅੰਗ ਵੀ ਵੇਚਦੀ ਸੀ। ਪੁਲਿਸ ਹੁਣ ਇਸ ਸ਼ਿਕਾਇਤ ਦੀ ਜਾਂਚ ਕਰੇਗੀ। ਪੁਲਿਸ ਨੇ ਅਦਾਲਤ ਵਿੱਚ ਇਸ ਦੇ ਆਧਾਰ ’ਤੇ ਜਾਂਚ ਲਈ ਰਿਮਾਂਡ ਦੀ ਮੰਗ ਕੀਤੀ ਸੀ। ਇਸ ’ਤੇ ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦੇ ਦਿੱਤਾ।