ਪੈਸਿਆਂ ਲੈਣ-ਦੇਣ ਕਾਰਨ ਦੋਸਤਾਂ ਨੇ ਦੋਸਤ ਕੀਤਾ ਅਗਵਾ, ਕੁੱਟ-ਕੁੱਟ ਕੇ ਕੀਤਾ ਕਤਲ, ਸੁੱਟਿਆ ਹਸਪਤਾਲ ਦੇ ਬਾਹਰ

0
337

ਲੁਧਿਆਣਾ | ਇੱਕ ਫਾਈਨਾਂਸਰ ਅਤੇ ਉਸ ਦੇ ਸਾਥੀਆਂ ਵੱਲੋਂ ਇੱਕ ਵਿਅਕਤੀ ਨੂੰ ਅਗਵਾ ਕਰਨ ਤੋਂ ਬਾਅਦ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਦੋਸ਼ੀ ਵਿਅਕਤੀ ਨੂੰ ਚਿੱਟੇ ਰੰਗ ਦੀ ਕਾਰ ‘ਚ ਬੇਹੋਸ਼ੀ ਦੀ ਹਾਲਤ ‘ਚ ਦੋਰਾਹਾ ਦੇ ਰਾਜਵੰਤ ਹਸਪਤਾਲ ਲੈ ਕੇ ਆਏ ਅਤੇ ਸਟਰੈਚਰ ‘ਤੇ ਲੇਟਾ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।

ਮ੍ਰਿਤਕ ਦੀ ਪਛਾਣ ਰਾਜਨ ਸਿੰਗਲਾ ਵਾਸੀ ਸ਼ਿਵਾਜੀ ਨਗਰ, ਸ਼ਿੰਗਾਰ ਸਿਨੇਮਾ ਰੋਡ ਵਜੋਂ ਹੋਈ ਹੈ। ਰਾਜਨ ਮਾਡਲ ਟਾਊਨ ਵਿੱਚ ਅਕਾਊਂਟੈਂਟ ਵਜੋਂ ਆਨਲਾਈਨ ਕੰਮ ਕਰਦਾ ਸੀ। ਰਾਜਨ ਨੂੰ ਮਾਰਨ ਵਾਲੇ ਉਸ ਦੇ ਦੋਸਤ ਹਨ। ਉਹ ਕਰੀਬ 16 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਮਾਡਲ ਟਾਊਨ ਵਾਸੀ ਫਾਈਨਾਂਸਰ ਜਗਜੀਤ ਸਿੰਘ ਉਰਫ਼ ਟੋਨੀ, ਰਾਹੁਲ ਕਪੂਰ, ਸੁਰੇਸ਼ ਅਤੇ ਹਰੀਓਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਮ੍ਰਿਤਕ ਦੇ ਪੁੱਤਰ ਯੋਗੇਸ਼ ਸਿੰਗਲਾ ਨੇ ਦੱਸਿਆ ਕਿ ਉਸ ਦਾ ਪਿਤਾ ਜਗਜੀਤ ਸਿੰਘ ਉਰਫ ਟੋਨੀ ਕੋਲ ਕੰਮ ਕਰਦਾ ਸੀ। ਐਤਵਾਰ ਸ਼ਾਮ ਨੂੰ ਜਗਜੀਤ ਸਿੰਘ ਆਪਣੇ ਸਾਥੀਆਂ ਰਾਹੁਲ ਕਪੂਰ, ਸੁਰੇਸ਼ ਅਤੇ ਹਰੀਓਮ ਦੇ ਨਾਲ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਪਿਤਾ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਉਹ ਕੁਝ ਮਿੰਟਾਂ ਵਿੱਚ ਵਾਪਸ ਆ ਜਾਣਗੇ।

ਦੇਰ ਰਾਤ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਪਰ ਉਸ ਦਾ ਫੋਨ ਬੰਦ ਸੀ। ਜਦੋਂ ਉਸ ਨੇ ਜਗਜੀਤ ਸਿੰਘ ਉਰਫ ਟੋਨੀ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਸਮਰਾਲਾ ਚੌਕ ਨੇੜੇ ਛੱਡ ਦਿੱਤਾ ਹੈ

ਯੋਗੇਸ਼ ਸਿੰਗਲਾ ਨੇ ਦੱਸਿਆ ਕਿ ਰਾਤ ਨੂੰ ਉਸ ਦੇ ਭਰਾ ਇਸ਼ਾਂਤ ਸਿੰਗਲਾ ਨੂੰ ਦੋਰਾਹਾ ਦੇ ਇੱਕ ਪੁਲਿਸ ਮੁਲਾਜ਼ਮ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਕੁਝ ਲੋਕਾਂ ਨੇ ਉਸ ਦੇ ਪਿਤਾ ਨੂੰ ਦੋਰਾਹਾ ਦੇ ਰਾਜਵੰਤ ਹਸਪਤਾਲ ਵਿੱਚ ਸੁੱਟ ਦਿੱਤਾ ਹੈ, ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਦੋਂ ਉਹ ਨਿੱਜੀ ਹਸਪਤਾਲ ਪੁੱਜੇ ਤਾਂ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ।