ਗਾਜ਼ੀਆਬਾਦ ਪੁਲਿਸ ਤੇ ਬੈਂਕ ਵਾਲੇ ਕੈਂਟਰ ਮਾਲਕ ਨੂੰ ਕਰ ਰਹੇ ਸਨ ਪ੍ਰੇਸ਼ਾਨ
ਜਲੰਧਰ | ਫਗਵਾੜਾ ਰੋਡ ‘ਤੇ ਚਹੇੜੂ ਦੇ ਕੋਲ ਦਾਦਰ ਟ੍ਰੇਨ ਦੇ ਅੱਗੇ ਆ ਕੇ ਰਾਮਾ ਮੰਡੀ ਦੇ 29 ਸਾਲਾ ਅਮਨਦੀਪ ਨੇ ਜਾਨ ਦੇ ਦਿੱਤੀ। ਮਰਨ ਤੋਂ ਪਹਿਲਾਂ ਉਸ ਨੇ ਸੁਸਾਈਡ ਨੋਟ ਲਿਖਿਆ, ਜਿਸ ਵਿੱਚ ਉਸ ਨੇ ਦੋਸਤ ਰਾਜ ਕੁਮਾਰ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਥਾਣਾ GRP ਨੇ ਰਾਮਾ ਮੰਡੀ ਵਾਸੀ ਰਾਜ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਮੁਖੀ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਜਾਂਚ ‘ਚ ਸਾਹਮਣੇ ਆਇਆ ਕਿ ਅਮਨਦੀਪ ਨੇ ਕੁਝ ਸਾਲ ਪਹਿਲਾਂ ਕਿਸ਼ਤਾਂ ‘ਤੇ ਕੈਂਟਰ ਲਿਆ ਸੀ ਤੇ ਆਪਣੇ ਦੋਸਤ ਰਾਜ ਕੁਮਾਰ ਨੂੰ ਕੈਂਟਰ ਚਲਾਉਣ ਲਈ ਦੇ ਦਿੱਤਾ ਤੇ ਉਹੀ ਉਸ ਦੀਆਂ ਕਿਸ਼ਤਾਂ ਉਤਾਰਦਾ ਸੀ। ਉਹ ਖੁਦ ਆਪਣੇ ਤਾਇਆ ਦਾ ਕੈਂਟਰ ਚਲਾ ਕੇ ਗੁਜ਼ਾਰਾ ਕਰਦਾ ਸੀ।
ਸੁਸਾਈਡ ਨੋਟ ‘ਚ ਮ੍ਰਿਤਕ ਨੇ ਲਿਖਿਆ ਕਿ ਉਸ ਦੇ ਦੋਸਤ ਨੇ ਉਸ ਨੂੰ ਧੋਖਾ ਦਿੱਤਾ ਤੇ ਕੈਂਟਰ ‘ਚ ਨਾਜਾਇਜ਼ ਸ਼ਰਾਬ ਰੱਖ ਕੇ ਦੂਜੇ ਸੂਬਿਆਂ ‘ਚ ਸਪਲਾਈ ਕਰਨ ਲੱਗ ਪਿਆ।
ਗਾਜ਼ੀਆਬਾਦ ‘ਚ ਸ਼ਰਾਬ ਸਪਲਾਈ ਕਰਦੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਉਹ ਖੁਦ ਜ਼ਮਾਨਤ ਲੈ ਕੇ ਬਾਹਰ ਆ ਗਿਆ ਪਰ ਕੈਂਟਰ ਪੁਲਿਸ ਦੇ ਕਬਜ਼ੇ ‘ਚ ਹੈ। ਬਾਅਦ ਵਿੱਚ ਰਾਜ ਕੁਮਾਰ ਨੇ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ, ਜਿਸ ‘ਤੇ ਬੈਂਕ ਵਾਲੇ ਉਸ ਦੇ ਪਿੱਛੇ ਪੈ ਗਏ ਕਿਉਂਕਿ RC ਉਸ ਦੇ ਨਾਂ ਸੀ।
ਸੁਸਾਈਡ ਨੋਟ ‘ਚ ਅਮਨਦੀਪ ਨੇ ਲਿਖਿਆ ਕਿ ਗਾਜ਼ੀਆਬਾਦ ਦੀ ਪੁਲਿਸ ਵੀ ਉਸ ਨੂੰ ਤੰਗ ਕਰਨ ਲੱਗੀ ਕਿਉਂਕਿ ਕੈਂਟਰ ਉਸ ਦੇ ਨਾਂ ਸੀ ਤੇ ਰਾਜ ਕੁਮਾਰ ਫਰਾਰ ਹੋ ਗਿਆ ਸੀ। ਉਸ ਨੇ ਲਿਖਿਆ ਇਨ੍ਹਾਂ ਸਭ ਗੱਲਾਂ ਤੋਂ ਉਹ ਪ੍ਰੇਸ਼ਾਨ ਹੋ ਗਿਆ, ਜਿਸ ਕਰਕੇ ਉਹ ਮਰਨ ਜਾ ਰਿਹਾ ਹੈ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।