ਚਾਰ ਦੋਸਤਾਂ ਨੂੰ ਉਮਰ ਕੈਦ; ਆਪਣੇ ਹੀ ਦੋਸਤ ਨੂੰ ਸ਼ਰਾਬ ਪਿਲਾ ਕੇ ਨਹਿਰ ‘ਚ ਸੁੱਟਿਆ

0
9792

ਫਾਜ਼ਿਲਕਾ, 22 ਫਰਵਰੀ| ਫਾਜ਼ਿਲਕਾ ਦੀ ਸੈਸ਼ਨ ਕੋਰਟ ਨੇ ਚਾਰ ਦੋਸਤਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਲਜ਼ਾਮ ਹਨ ਕਿ ਚਾਰ ਸਾਲ ਪਹਿਲਾਂ ਇਨ੍ਹਾਂ ਨੇ ਅਪਣੇ ਇਕ ਦੋਸਤ ਨੂੰ ਸ਼ਰਾਬ ਪਿਲਾ ਕੇ ਨਹਿਰ ਵਿਚ ਸੁੱਟ ਦਿਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਜੁਰਮ ਵਿਚ ਅਦਾਲਤ ਨੇ ਚਾਰਾਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ।

ਪੁਲਿਸ ਅਨੁਸਾਰ ਇਹ ਕੇਸ ਮ੍ਰਿਤਕ ਸੁਰਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਦੀ ਭੈਣ ਕਵਿਤਾ ਨੇ ਦਰਜ ਕਰਵਾਇਆ ਸੀ। ਅਬੋਹਰ ਦੇ ਥਾਣਾ ਨੰਬਰ 2 ‘ਚ ਕਵਿਤਾ ਨੇ ਪੁਲਿਸ ਨੂੰ ਦਸਿਆ ਸੀ ਕਿ ਉਸ ਦੇ ਭਰਾ ਦਾ ਕਤਲ ਅਨੁਜ ਕੁਮਾਰ ਉਰਫ ਡੱਬੂ, ਵਿਜੇਸ਼ ਕੁਮਾਰ, ਰਾਕੇਸ਼ ਕੁਮਾਰ ਤਿੰਨੋਂ ਵਾਸੀ ਸ਼ੇਰੇਵਾਲਾ ਅਤੇ ਅਮਿਤ ਕੁਮਾਰ ਵਾਸੀ ਨਵੀਂ ਅਬਾਦੀ ਗਲੀ ਨੰ. 13 ਨੇ ਕੀਤਾ ਹੈ।

ਸ਼ਿਕਾਇਤਕਰਤਾ ਅਨੁਸਾਰ ਚਾਰੇ ਮੁਲਜ਼ਮ ਅਤੇ ਉਨ੍ਹਾਂ ਦਾ ਭਰਾ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਪੰਜਾਂ ਵਿਚਕਾਰ ਤਕਰਾਰ ਹੋ ਗਈ। ਚਾਰਾਂ ਨੇ ਮਿਲ ਕੇ ਸੁਰਿੰਦਰ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਸਿਰ ‘ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ। ਇਸ ਕਾਰਨ ਉਹ ਬੇਹੋਸ਼ ਹੋ ਗਿਆ। ਬਾਅਦ ਵਿਚ ਚਾਰੇ ਮੁਲਜ਼ਮਾਂ ਨੇ ਸੁਰਿੰਦਰ ਨੂੰ ਚੁੱਕ ਕੇ ਨਹਿਰ ਵਿਚ ਸੁੱਟ ਦਿਤਾ।

ਇਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਸੁਰਿੰਦਰ ਦੀ ਲਾਸ਼ ਅਗਲੇ ਦਿਨ ਨਹਿਰ ਵਿਚੋਂ ਬਰਾਮਦ ਹੋਈ। ਭੈਣ ਦੀ ਸ਼ਿਕਾਇਤ ‘ਤੇ ਪੁਲਿਸ ਨੇ 11 ਅਗਸਤ 2020 ਨੂੰ ਮਾਮਲਾ ਦਰਜ ਕੀਤਾ ਸੀ। ਜ਼ਿਲ੍ਹਾ ਫਾਜ਼ਿਲਕਾ ਦੀ ਸੀਨੀਅਰ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਵਿਚ ਦੋਵਾਂ ਧਿਰਾਂ ਦੇ ਵਕੀਲਾਂ ਵਿਚ ਕਾਫੀ ਬਹਿਸ ਹੋਈ। ਪਰ, ਅੰਤ ਵਿਚ, ਚਾਰੇ ਦੋਸ਼ੀਆਂ ਨੂੰ ਕਤਲ ਕੇਸ ਵਿਚ ਦੋਸ਼ੀ ਪਾਇਆ ਗਿਆ ਅਤੇ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਜੁਰਮਾਨਾ ਅਦਾ ਨਾ ਕਰਨ ‘ਤੇ ਦੋਸ਼ੀਆਂ ਨੂੰ ਇਕ ਸਾਲ ਦੀ ਹੋਰ ਸਜ਼ਾ ਭੁਗਤਣੀ ਪਵੇਗੀ।