ਵਿਜੀਲੈਂਸ ਦੀ ਰਡਾਰ ‘ਤੇ ਕਾਂਗਰਸ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਮੁਹਾਲੀ ਦੇ ਦਫਤਰ ‘ਚ ਕੀਤਾ ਤਲਬ

0
287

ਚੰਡੀਗੜ੍ਹ| ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੂੰ ਤਲਬ ਕੀਤਾ ਹੈ। 24 ਫਰਵਰੀ ਨੂੰ ਉਸ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਮੁਹਾਲੀ ਦੇ ਵਿਜੀਲੈਂਸ ਦਫ਼ਤਰ ‘ਚ ਪੁੱਛਗਿੱਛ ਕੀਤੀ ਜਾਵੇਗੀ। ਵਿਜੀਲੈਂਸ ਬਿਊਰੋ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਹਿੰਦਰਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਿਛਲੇ 6 ਸਾਲਾਂ ‘ਚ ਆਮਦਨ ਦੇ ਆਪਣੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਪੈਸਾ ਖਰਚ ਕੀਤਾ ਹੈ।

ਵਿਜੀਲੈਂਸ ਨੇ ਮਹਿੰਦਰਾ ਦੇ ਨਿਊ ਚੰਡੀਗੜ੍ਹ ਸਥਿਤ ਫਾਰਮ ਹਾਊਸ ਅਤੇ ਹੋਰ ਜਾਇਦਾਦਾਂ ਦਾ ਰਿਕਾਰਡ ਚੈੱਕ ਕਰਨ ਲਈ ਮਾਲ ਅਧਿਕਾਰੀਆਂ ਨੂੰ ਵੀ ਲਿਖਿਆ ਹੈ। ਵਿਜੀਲੈਂਸ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ‘ਚ ਤਾਇਨਾਤ ਇੱਕ ਅਧਿਕਾਰੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ਨੇ ਮਹਿੰਦਰਾ ਦੇ ਨਾਲ ਵਿਸ਼ੇਸ਼ ਡਿਊਟੀ ਅਫਸਰ ਵਜੋਂ ਕੰਮ ਕੀਤਾ ਸੀ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ‘ਚ ਮਹਿੰਦਰਾ ਸੀਨੀਆਰਤਾ ‘ਚ ਦੂਜੇ ਨੰਬਰ ’ਤੇ ਸਨ। ਉਨ੍ਹਾਂ ਨੇ 2017 ‘ਚ ਅਹੁਦੇ ਦੀ ਸਹੁੰ ਚੁੱਕੀ ਸੀ। ਉਹ 2022 ਤੱਕ ਸਿਹਤ, ਸਥਾਨਕ ਸੰਸਥਾਵਾਂ, ਮੈਡੀਕਲ ਸਿੱਖਿਆ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਰਹੇ।

ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਸਿਆਸੀ ਜੰਗ ‘ਚ ਵੀ ਉਨ੍ਹਾਂ ਨੇ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਿੱਤਾ। ਇੱਥੋਂ ਤੱਕ ਕਿ ਉਨ੍ਹਾਂ ਨੇ ਉਦੋਂ ਤੱਕ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਹੀਂ ਹੋਣਗੇ ਤਾਂ ਵੀ ਉਹ ਆਖਰੀ ਦਮ ਤੱਕ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਬ੍ਰਹਮ ਮਹਿੰਦਰਾ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਕਮਲਨਾਥ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ।