ਆਂਧਰਾ ਪ੍ਰਦੇਸ਼, 09 ਸਤੰਬਰ | ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਐਨ ਚੰਦਰਬਾਬੂ ਨਾਇਡੂ ਨੂੰ ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਨੇ ਸ਼ਨੀਵਾਰ ਸਵੇਰੇ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫ਼ਤਾਰੀ ਕਥਿਤ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿਚ ਕੀਤੀ ਗਈ ਹੈ। ਅੱਜ ਸਵੇਰੇ ਜਦੋਂ ਪੁਲਿਸ ਅਧਿਕਾਰੀਆਂ ਦੀ ਟੀਮ ਟੀਡੀਪੀ ਆਗੂ ਨੂੰ ਹਿਰਾਸਤ ਵਿੱਚ ਲੈਣ ਪਹੁੰਚੀ ਤਾਂ ਨੰਡਿਆਲ ਵਿਚ ਭਾਰੀ ਹੰਗਾਮਾ ਹੋ ਗਿਆ।
ਪਾਰਟੀ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਚੰਦਰਬਾਬੂ ਨੂੰ ਓਰਾਵਕਲ ਹਵਾਈ ਅੱਡੇ ਤੋਂ ਫਲਾਈਟ ਰਾਹੀਂ ਵਿਜੇਵਾੜਾ ਲੈ ਜਾਵੇਗੀ। ਹਾਲਾਂਕਿ ਚੰਦਰਬਾਬੂ ਨੇ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਸਖਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਗ੍ਰਿਫਤਾਰੀ ਬਿਨਾਂ ਕਿਸੇ ਦੋਸ਼ ਦਾ ਸਬੂਤ ਦਿਖਾਏ ਕੀਤੀ ਗਈ ਹੈ। ਚੰਦਰਬਾਬੂ ਨੇ ਕਿਹਾ ਕਿ ਸਬੂਤ ਪੇਸ਼ ਕੀਤੇ ਜਾਣ ‘ਤੇ ਹੀ ਉਹ ਕਾਨੂੰਨ ਦਾ ਸਾਥ ਦੇਣਗੇ।
ਨਾਇਡੂ ਦੇ ਵਕੀਲ ਮੁਤਾਬਕ ਸੀਆਈਡੀ ਨੇ ਨਾਇਡੂ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਮੈਡੀਕਲ ਜਾਂਚ ਲਈ ਲਿਆ। ਦੱਸ ਦੇਈਏ ਕਿ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਹੈ। ਵਕੀਲ ਨੇ ਕਿਹਾ, ‘ਅਸੀਂ ਜ਼ਮਾਨਤ ਲਈ ਹਾਈਕੋਰਟ ਪਹੁੰਚ ਰਹੇ ਹਾਂ।’