ਸਰਕਾਰੀ ਨੌਕਰੀ ਲੈਣ ਲਈ ਬਣਾਏ ਫਰਜ਼ੀ ਸਰਟੀਫਿਕੇਟ; 7 ਅਧਿਆਪਕਾਂ ਖ਼ਿਲਾਫ਼ FIR ਦਰਜ

0
2711

ਚੰਡੀਗੜ੍ਹ, 13 ਅਕਤੂਬਰ | ਸਿੱਖਿਆ ਵਿਭਾਗ ਦੀ ਸ਼ਿਕਾਇਤ ’ਤੇ ਮਾਲੇਰਕੋਟਲਾ ਪੁਲਿਸ ਨੇ ਜਾਅਲੀ ਤਜਰਬੇ ਦੇ ਸਰਟੀਫਿਕੇਟ ਅਤੇ ਪੇਂਡੂ ਖੇਤਰ ਦੇ ਸਰਟੀਫਿਕੇਟ ਪੇਸ਼ ਕਰਕੇ ਸਿੱਖਿਆ ਵਿਭਾਗ ਵਿਚ ਨੌਕਰੀਆਂ ਲੈਣ ਵਾਲੀਆਂ 7 ਮਹਿਲਾ ਅਧਿਆਪਕਾਂ ਖ਼ਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇਨ੍ਹਾਂ ਦੇ ਨਾਂ ਕਮਲਦੀਪ ਕੌਰ ਵਾਸੀ ਜੱਬੋਮਾਜਰਾ, ਗੁਰਜੀਤ ਕੌਰ ਵਾਸੀ ਦੁੱਗਰੀ, ਰਮਨਦੀਪ ਕੌਰ ਵਾਸੀ ਨਾਰੀਕੇ, ਰਚਨਾ ਸਿੱਧੂ ਵਾਸੀ ਕੰਗਣਵਾਲ, ਸਵਰਨਜੀਤ ਕੌਰ ਵਾਸੀ ਅਹਿਮਦਗੜ੍ਹ, ਰਾਜਵਿੰਦਰ ਕੌਰ ਵਾਸੀ ਸੰਗਾਲਾ ਤੇ ਸਬਿਤਾ ਰਾਣੀ ਵਾਸੀ ਮਾਲੇਰਕੋਟਲਾ ਦੱਸਿਆ ਗਿਆ ਹੈ।

ਵਿਭਾਗ ਦਾ ਦਾਅਵਾ ਹੈ ਕਿ ਜਾਂਚ ਦੌਰਾਨ ਪੰਜਾਬ ਭਰ ਦੇ 457 ਉਮੀਦਵਾਰਾਂ ਦੇ ਸਰਟੀਫਿਕੇਟ ਜਾਅਲੀ ਪਾਏ ਗਏ ਹਨ। ਵਿਭਾਗ ਨੂੰ ਭਰਤੀ ਦੇ ਕੁਝ ਸਮੇਂ ਬਾਅਦ ਹੀ ਇਸ ਧੋਖਾਧੜੀ ਬਾਰੇ ਪਤਾ ਲੱਗਾ ਪਰ ਅਧਿਆਪਕਾਂ ਦੇ ਵਾਰ-ਵਾਰ ਅਦਾਲਤ ਵਿਚ ਜਾਣ ਕਾਰਨ ਕਾਰਵਾਈ ਸਿਰੇ ਨਹੀਂ ਚੜ੍ਹ ਸਕੀ।

ਸਿੱਖਿਆ ਵਿਭਾਗ ਦੇ ਡਾਇਰੈਕਟਰ ਐਲੀਮੈਂਟਰੀ ਨੇ ਸ਼ਿਕਾਇਤ ਕੀਤੀ ਕਿ 5 ਸਤੰਬਰ 2007 ਨੂੰ 20 ਜ਼ਿਲ੍ਹਿਆਂ ਵਿਚ ਟੀਚਿੰਗ ਫੈਲੋਜ਼ ਦੀਆਂ ਅਸਾਮੀਆਂ ਭਰਨ ਦਾ ਕੰਮ ਸ਼ੁਰੂ ਹੋ ਗਿਆ ਸੀ। ਜ਼ਿਲ੍ਹਾ ਪੱਧਰ ’ਤੇ ਸਬੰਧਤ ਡੀ.ਈ.ਓ ਐਲੀਮੈਂਟਰੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਤਜਰਬੇ ਦਾ ਸਰਟੀਫਿਕੇਟ 7 ਅੰਕਾਂ ਨਾਲ ਪ੍ਰਾਪਤ ਕਰਨਾ ਜ਼ਰੂਰੀ ਸੀ। ਇਸ ਲਈ ਜਾਅਲੀ ਸਰਟੀਫਿਕੇਟ ਦੀ ਖੇਡ ਖੇਡੀ ਗਈ। ਦੱਸ ਦਈਏ ਕਿ ਗੁਰਦਾਸਪੁਰ ਵਿਚ ਸਭ ਤੋਂ ਵੱਧ 54 ਮਾਮਲੇ ਹਨ ਜਿਨ੍ਹਾਂ ਵਿਚੋਂ 29 ਅਧਿਆਪਕਾਂ ਖਿਲਾਫ਼ ਮਾਮਲਾ ਦਰਜ ਹੋ ਚੁੱਕਾ ਹੈ।