ਅੰਮ੍ਰਿਤਸਰ/ਜਲੰਧਰ/ਲੁਧਿਆਣਾ | ਸਿੱਖ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਜਥਾ ਪਾਕਿਸਤਾਨ ਜਾ ਸਕੇਗਾ। ਸ਼ਰਧਾਲੂਆਂ ਵਾਸਤੇ ਕਰੋਨਾ ਟੀਕਾਕਰਨ ਲਾਜ਼ਮੀ ਕੀਤਾ ਗਿਆ ਹੈ।
ਦੱਸ ਦਈਏ ਕਿ ਕੋਰੋਨਾ ਕਾਰਨ ਪਿਛਲੇ ਸਾਲ ਜਥਾ ਪਾਕਿਸਤਾਨ ਨਹੀਂ ਜਾ ਸਕਿਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 19 ਨਵੰਬਰ ਨੂੰ ਮਨਾਇਆ ਜਾਵੇਗਾ। ਸ਼ਰਧਾਲੂਆਂ ਦਾ ਜਥਾ 17 ਨਵੰਬਰ ਨੂੰ ਜਾਵੇਗਾ ਅਤੇ 27 ਨਵੰਬਰ ਨੂੰ ਪਰਤੇਗਾ। ਲਗਪਗ 3 ਹਜ਼ਾਰ ਸ਼ਰਧਾਲੂਆਂ ਦਾ ਇਹ ਜਥਾ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰੇਗਾ।
ਸ਼ਰਧਾਲੂਆਂ ਲਈ ਪਾਕਿਸਤਾਨ ਸਰਕਾਰ ਵੱਲੋਂ ਕਰੋਨਾ ਟੀਕਾਕਰਨ ਅਤੇ ਟੈਸਟ ਦੋਵੇਂ ਲਾਜ਼ਮੀ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜਿਹੜੇ ਸ਼ਰਧਾਲੂ ਪਾਕਿਸਤਾਨ ਜਾਣਗੇ, ਉਨ੍ਹਾਂ ਲਈ ਕਰੋਨਾ ਤੋਂ ਬਚਾਅ ਦੇ ਟੀਕੇ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਜ਼ਰੂਰੀ ਹਨ।
ਪਾਕਿਸਤਾਨ ਦੇ ਦਿੱਲੀ ਸਥਿਤ ਹਾਈ ਕਮਿਸ਼ਨ ਨੇ ਟੈਲੀਫੋਨ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧ ‘ਚ ਸੂਚਿਤ ਕੀਤਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਸ਼ਰਧਾਲੂਆਂ ਲਈ 72 ਘੰਟੇ ਪਹਿਲਾਂ ਕਰੋਨਾ ਟੈਸਟ ਦੀ ਰਿਪੋਰਟ ਲਾਜ਼ਮੀ ਹੈ ਤੇ ਸ਼ਰਧਾਲੂ ਇਸ ਸ਼ਰਤ ਵੱਲ ਧਿਆਨ ਦੇਣ ਤਾਂ ਜੋ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਸ਼ਰਧਾਲੂਆਂ ਲਈ ਸ਼੍ਰੋਮਣੀ ਕਮੇਟੀ ਦਫ਼ਤਰ ‘ਚ ਕਰੋਨਾ ਟੈਸਟ ਲਈ ਕੈਂਪ ਲਗਾਇਆ ਜਾਵੇਗਾ, ਜਿਸ ਦੀਆਂ ਤਰੀਕਾਂ ਬਾਰੇ ਛੇਤੀ ਹੀ ਸ਼ਰਧਾਲੂਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ।