ਚੰਡੀਗੜ੍ਹ, 30 ਦਸੰਬਰ | ਪੰਜਾਬ ਦੇ ਆਲੇ-ਦੁਆਲੇ ਚੱਕਰਵਾਤੀ ਤੂਫਾਨ ਦੇ ਚਲਦੇ ਸੂਬੇ ‘ਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅੱਜ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਧੁੰਦ ਹੋਰ ਸੰਘਣੀ ਹੋ ਸਕਦੀ ਹੈ, ਜਿਸ ਕਾਰਨ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਸਕਦੀ ਹੈ। ਪਹਾੜਾਂ ‘ਤੇ ਬਰਫ਼ਬਾਰੀ ਜਾਰੀ ਹੈ, ਜਿਸ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਠੰਡ ਦਾ ਅਸਰ ਦੇਖਣ ਨੂੰ ਮਿਲੇਗਾ ਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ।
ਮੌਸਮ ਕੇਂਦਰ ਮੁਤਾਬਕ ਚੰਡੀਗੜ੍ਹ ‘ਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ ਅਤੇ ਮਾਨਸਾ ਵਿਚ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਤੋਂ ਇਲਾਵਾ ਇੱਥੇ ਸੀਤ ਲਹਿਰ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ, ਜਦੋਂ ਕਿ ਬਾਕੀ ਪੰਜਾਬ ਵਿਚ ਧੁੰਦ ਅਤੇ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਧੁੰਦ ਅਤੇ ਸੀਤ ਲਹਿਰ ਦਾ ਪ੍ਰਭਾਵ 3 ਜਨਵਰੀ ਤੱਕ ਜਾਰੀ ਰਹਿ ਸਕਦਾ ਹੈ। ਇਨ੍ਹਾਂ 5 ਦਿਨਾਂ ‘ਚ ਪੰਜਾਬ ਦੇ ਤਾਪਮਾਨ ‘ਚ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ, ਜਦਕਿ ਚੰਡੀਗੜ੍ਹ ਦੇ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।
ਮੌਸਮ ਕੇਂਦਰ ਮੁਤਾਬਕ ਦਸੰਬਰ ਦੇ ਆਖਰੀ ਦਿਨਾਂ ‘ਚ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ‘ਚ ਬਾਰਿਸ਼ ਦੇਖਣ ਨੂੰ ਮਿਲੀ। 1 ਤੋਂ 6 ਜਨਵਰੀ ਦਰਮਿਆਨ ਦੋ ਨਵੇਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ, ਜਿਸ ਦਾ ਅਸਰ ਪੱਛਮੀ ਹਿਮਾਲੀਅਨ ਪਰਬਤ ਲੜੀ ‘ਤੇ ਦੇਖਣ ਨੂੰ ਮਿਲੇਗਾ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ‘ਚ ਵੀ ਬਾਰਿਸ਼ ਹੋ ਸਕਦੀ ਹੈ, ਜਿਸ ਤੋਂ ਬਾਅਦ ਪੰਜਾਬ-ਚੰਡੀਗੜ੍ਹ ‘ਚ ਇਕ ਵਾਰ ਫਿਰ ਤਾਪਮਾਨ ‘ਚ ਗਿਰਾਵਟ ਆਉਣ ਦੀ ਸੰਭਾਵਨਾ ਹੈ।