ਹਿਮਾਚਲ ‘ਚ ਬਣੇ ਹੜ੍ਹ ਵਰਗੇ ਹਾਲਾਤ, ਪੰਜਾਬ-ਹਰਿਆਣਾ ਵਿੱਚ ਵੀ ਸੜਕਾਂ ਪਾਣੀ ‘ਚ ਡੁੱਬੀਆਂ

0
1041

ਜਲੰਧਰ | ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਮੁਸੀਬਤ ਵੀ ਬਣ ਗਈ ਹੈ। ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਸੜਕਾਂ ‘ਤੇ ਗੋਡੇ-ਗੋਡੇ ਖੜ੍ਹਾ ਹੋ ਗਿਆ ਹੈ।

ਮੈਦਾਨੀ ਇਲਾਕਿਆਂ ‘ਚ ਜਲ-ਥਲ ਹੋਈ ਪਈ ਹੈ। ਕਈ ਸ਼ਹਿਰਾਂ ‘ਚ ਪਾਣੀ ਭਰਿਆ ਹੋਇਆ ਹੈ। ਪੰਜਾਬ-ਹਰਿਆਣਾ ‘ਚ ਮੀਂਹ ਪੈਣ ਨਾਲ ਸੜਕਾਂ ‘ਤੇ ਅੱਧੇ-ਅੱਧੇ ਵਾਹਨ ਡੁੱਬੇ ਹੋਏ ਹਨ। ਸੜਕਾਂ ‘ਤੇ ਪਾਣੀ ਨਦੀਆਂ ਵਾਂਗ ਵਹਿ ਰਿਹਾ ਹੈ। ਨਿਕਾਸੀ ਦਾ ਬੁਰਾ ਹਾਲ ਹੈ। ਲਗਾਤਾਰ ਬਾਰਿਸ਼ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।

ਮੀਂਹ ਨਾਲ ਹਿਮਾਚਲ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਨਦੀਆਂ-ਨਾਲਿਆਂ ‘ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਮਨੀਪੁਰ ਘਾਟੀ ‘ਚ 4 ਲੋਕ ਪਾਣੀ ਵਿੱਚ ਰੁੜ੍ਹ ਗਏ, ਜਿਨ੍ਹਾਂ ‘ਚੋਂ 3 ਦੀ ਮੌਤ ਹੋ ਗਈ ਤੇ ਇਕ ਲਾਪਤਾ ਹੈ। ਹਾਈਵੇ ਬੰਦ ਹੋ ਗਏ ਹਨ।

ਲਾਹੌਲ ਸਪਿਤੀ ‘ਚ ਬੱਦਲ ਫਟ ਗਿਆ। ਕੁੱਲੂ ਵਿਖੇ ਪਾਣੀ ‘ਚ ਮਾਂ-ਪੁੱਤ ਰੁੜ੍ਹ ਗਏ। ਮਨਾਲੀ ‘ਚ ਸੜਕਾਂ ‘ਤੇ ਵਾਹਨ ਫਸੇ ਹੋਏ ਹਨ ਤੇ ਸ਼ਿਮਲਾ ‘ਚ ਢਿੱਗਾਂ ਡਿੱਗ ਰਹੀਆਂ ਹਨ। ਹਾਲਾਤ ਵਿਗੜ ਰਹੇ ਹਨ। ਇਥੇ ਹੁਣ ਤੱਕ ਇਕ ਦੀ ਮੌਤ ਤੇ 9 ਲੋਕ ਲਾਪਤਾ ਦੱਸੇ ਜਾ ਰਹੇ ਹਨ।