ਜਲੰਧਰ. ਕੋਰੋਨਾ ਦੇ ਪੰਜਾਬ ਵਿੱਚ ਲਗਾਤਾਰ ਕੇਸ ਵੱਧਦੇ ਜਾ ਰਹੇ ਹਨ। ਹੁਣ ਬਿਆਸ ਵਿਚ ਵੀ ਕੋਰੋਨਾ ਨੇ ਆਪਣੀ ਦਸਤਕ ਦੇ ਦਿੱਤੀ ਹੈ। ਇਥੇ ਬਿਆਸ ਵਿਚ ਪੈਂਦੇ ਪਿੰਡਾਂ ਵਿਚ ਤਿੰਨ ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜੋਕਿ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਪੰਜਾਬ ਆਏ ਸਨ। ਇਹ ਮਰੀਜ਼ ਪਿੰਡ ਠੱਠੀਆ, ਦਾਊਦ, ਵਜੀਰ ਭੁੱਲਰ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ ਡੇਰਾ ਰਾਧਾ ਸੁਆਮੀ ਸੈਂਟਰ ਧਰਦਿਉ ਵਿਖੇ ਰਖਿਆ ਗਿਆ ਸੀ। ਇਨ੍ਹਾਂ ਦੇ ਬੀਤੇ ਦਿਨੀਂ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਅੱਜ ਆਈ ਰਿਪੋਰਟ ਵਿਚ ਇਨ੍ਹਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਪਤਾ ਲੱਗਾ ਹੈ। ਤਿੰਨਾਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਰੂਪਨਗਰ ਤੋਂ ਵੀ 2 ਮਰੀਜ ਸਾਹਮਣੇ ਆਏ ਹਨ। ਇਹ ਵੀ ਨਾਂਦੇੜ ਸਾਹਿਬ ਤੋਂ ਪਰਤੇ ਸਨ। ਚਾਹੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝਾ ਉਪਰਾਲਾ ਕਰਕੇ ਵੱਡੀ ਗਿਣਤੀ ਵਿਚ ਲੌਕਡਾਊਨ ਤੇ ਕਰਫਿਊ ਵਿਚ ਫਸੇ ਸ਼ਰਧਾਲੂਆਂ ਨੂੰ ਆਪੋ- ਆਪਣੇ ਜ਼ਿਲਿਆਂ ਵਿਚ ਵਾਪਿਸ ਭੇਜ ਦਿੱਤਾ ਗਿਆ ਹੈ, ਪਰ ਤ੍ਰਾਸਦੀ ਇਹ ਹੈ ਕਿ ਇਨ੍ਹਾਂ ਸ਼ਰਧਾਲੂਆਂ ਨੂੰ ਲਿਆਉਣ ਤੋਂ ਪਹਿਲਾਂ ਉਥੋਂ ਦੀ ਸਰਕਾਰ ਵੱਲੋਂ ਕੋਈ ਸੈਂਪਲ ਨਹੀਂ ਲਏ ਗਏ ਸਨ।
ਜ਼ਿਕਰਯੋਗ ਹੈ ਬੀਤੇ ਦੇ ਦਿਨਾਂ ਤੋਂ ਸਾਹਮਣੇ ਆ ਰਹੇ ਨਵੇਂ ਮਾਮਲਿਆਂ ਵਿਚੋਂ ਵਧੇਰੇ ਮਾਮਲੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਨ ਵਾਲੇ ਲੋਕਾਂ ਨਾਲ ਹੀ ਸਬੰਧਤ ਹਨ।
ਅੱਜ ਅੰਮ੍ਰਿਤਸਰ ਜ਼ਿਲੇ ਵਿਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਵਿਚੋਂ 23 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ ਵਿਚ ਕੋਰੋਨਾ ਦੇ ਕੁਲ ਮਰੀਜ਼ਾਂ ਦੀ ਗਿਣਤੀ ਹੁਣ 37 ਹੋ ਗਈ ਹੈ। ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 6 ਮਰੀਜ਼ ਹਸਪਤਾਲੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 6 ਦਾ ਇਲਾਜ ਅਜੇ ਵੀ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁਲ 438 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।
- ਜਲੰਧਰ ਵਿੱਚ ਵੀ ਕੋਰੋਨਾ ਮਰੀਜਾਂ ਦੀ ਗਿਣਤੀ 90 ਤੋਂ ਪਾਰ ਹੋ ਗਈ ਹੈ।
- ਫਿਲੌਰ ਤੇ ਮੋਗਾ ਵਿੱਚ ਵੀ 1-1 ਕੋਰੋਨਾ ਪਾਜ਼ੀਟਿਵ ਮਰੀਜਾਂ ਦੀ ਪੁਸ਼ਟੀ ਹੋਈ ਹੈ।
- ਗੁਰਦਾਸਪੁਰ ਵਿੱਚ ਵੀ 3 ਕੋਰੋਨਾ ਦੇ ਮਰੀਜ ਸਾਹਮਣੇ ਆਏ ਹਨ। ਗੁਰਦਾਸਪੁਰ ਵਿੱਚ ਮਰੀਜਾਂ ਦੀ ਗਿਣਤੀ 4 ਹੋ ਗਈ ਹੈ।
- ਮੋਹਾਲੀ ਵਿੱਚ 11 ਹੋਰ ਪਾਜੀਟਿਵ ਮਰੀਜ ਆ ਗਏ ਹਨ। ਮੋਹਾਲੀ ਵਿੱਚ ਮਰੀਜਾਂ ਦੀ ਗਿਣਤੀ ਹੁਣ 84 ਹੋ ਗਈ ਹੈ।
- ਮੁਕਤਸਰ ਸਾਹਿਬ ਤੋਂ ਵੀ 3 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਗਏ ਹਨ। ਇਹ ਪਾਜੀਟਿਵ ਕੇਸ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਹਨ।