ਵਿਦੇਸ਼ ਤੋਂ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ ਪਹਿਲੀ ਉਡਾਣ, 61 ਯਾਤਰੀ ਪੰਜਾਬ ਦੇ – ਪੜ੍ਹੋ ਕਿਨ੍ਹਾਂ ਜ਼ਿਲਿਆਂ ਦੇ ਹਨ ਯਾਤਰੀ

0
10147

100 ਯਾਤਰੀਆਂ ਵਿਚੋਂ ਐਸ.ਏ.ਐਸ. ਨਗਰ ਦੇ 5 ਸਮੇਤ 61 ਯਾਤਰੀ ਪੰਜਾਬ ਨਾਲ ਸਬੰਧਤ 

ਐਸ ਏ ਐਸ ਨਗਰ. ਵਿਦੇਸ਼ਾਂ ਵਿੱਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਯੂਐਸਏ (ਅਮਰੀਕਾ) ਤੋਂ ਮੁਸਾਫਿਰਾਂ ਨੂੰ ਲੈ ਕੇ ਪਹਿਲੀ ਉਡਾਣ ਅੱਜ ਦੁਪਹਿਰ ਇੱਥੇ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ। ਉਡਾਣ ਪਹਿਲਾਂ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਸੀ ਅਤੇ ਉਸ ਤੋਂ ਬਾਅਦ ਮੁਹਾਲੀ ਏਅਰਪੋਰਟ ਆਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਦੱਸਿਆ ਕਿ ਉਡਾਣ ਵਿਚ 100 ਤੋਂ ਵੱਧ ਯਾਤਰੀ ਸਵਾਰ ਸਨ।

ਪੰਜਾਬ ਦੇ 61 ਯਾਤਰੀ ਇਨ੍ਹਾਂ ਜ਼ਿਲ੍ਹਿਆਂ ਨਾਲ ਸੰਬੰਧਤ

ਇਨ੍ਹਾਂ ਵਿਚੋਂ 61 ਪੰਜਾਬ ਨਾਲ ਸਬੰਧਤ ਹਨ, ਜਿਨ੍ਹਾਂ ਵਿਚ ਐਸਏਐਸ ਨਗਰ ਤੋਂ 5, ਅੰਮ੍ਰਿਤਸਰ ਤੋਂ 10, ਬਠਿੰਡਾ ਤੋਂ 2, ਫਤਿਹਗੜ ਸਾਹਿਬ ਅਤੇ ਫਾਜ਼ਿਲਕਾ ਤੋਂ ਇਕ-ਇਕ, ਫਿਰੋਜ਼ਪੁਰ ਤੋਂ 3, ਗੁਰਦਾਸਪੁਰ ਤੋਂ 2, ਹੁਸ਼ਿਆਰਪੁਰ ਤੋਂ 6, ਜਲੰਧਰ ਤੋਂ 5, ਕਪੂਰਥਲਾ ਤੋਂ 4, ਲੁਧਿਆਣਾ ਤੋਂ 7, ਪਠਾਨਕੋਟ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਅਤੇ ਪਟਿਆਲਾ ਤੋਂ 11  ਮੁਸਾਫਰ ਹਨ। ਗੁਆਂਢੀ ਰਾਜ ਹਰਿਆਣਾ ਤੋਂ 12, ਹਿਮਾਚਲ ਪ੍ਰਦੇਸ਼ ਤੋਂ 16, ਚੰਡੀਗੜ੍ਹ ਤੋਂ 9 ਅਤੇ ਉਤਰਾਖੰਡ ਤੋਂ 2 ਯਾਤਰੀ ਸਨ।

ਡੀਸੀ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਪ੍ਰੋਟੋਕੋਲ ਦੇ ਅਨੁਸਾਰ, ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਸਾਰੇ ਯਾਤਰੀਆਂ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਕਿਸੇ ਵੀ ਯਾਤਰੀ ਵਿਚ ਵਾਇਰਸ ਦੇ ਲੱਛਣ ਨਹੀਂ ਪਾਏ ਗਏ। ਉਨ੍ਹਾਂ ਕਿਹਾ ਕਿ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਤਾਇਨਾਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਿਹਤ ਨਾਲ ਜੁੜੀਆਂ ਸਾਰੀਆਂ ਸਾਵਧਾਨੀਆਂ ਜਿਵੇਂ ਕਿ ਆਪਣੇ ਚਿਹਰੇ ਨੂੰ ਮਾਸਕ ਨਾਲ ਢੱਕਣ, ਹੈਂਡ ਸੈਨੀਟਾਈਜਰਸ ਦੀ ਵਰਤੋਂ, ਜਿੰਨਾ ਸੰਭਵ ਹੋ ਸਕੇ ਹੱਥ ਧੋਣ ਅਤੇ ਸਮਾਜਿਕ ਦੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਸਬੰਧੀ ਜਾਣਕਾਰੀ ਦਿੱਤੀ।

ਅਗਲੀ ਫਲਾਇਟ 30 ਮਈ ਨੂੰ ਯੂਕਰੇਨ ਤੋਂ ਆਵੇਗੀ

ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲੇ ਦੇ ਯਾਤਰੀਆਂ ਨੂੰ ਇਸ ਸਮੇਂ ਘਰ ਨਹੀਂ ਭੇਜਿਆ ਜਾਵੇਗਾ ਅਤੇ ਸਾਵਧਾਨੀ ਉਪਾਅ ਵਜੋਂ 14 ਦਿਨਾਂ ਲਈ ਵੱਖ-ਵੱਖ ਸਰਕਾਰੀ ਸਹੂਲਤਾਂ ਵਿਚ ਹੋਟਲਾਂ ਵਿਖੇ ਰੱਖਿਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਅਤੇ ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਨਾਲ ਸਬੰਧਤ ਯਾਤਰੀਆਂ ਨੂੰ ਉਨ੍ਹਾਂ ਦੇ ਆਪਣੇ ਜ਼ਿਲ੍ਹਿਆਂ ਅਤੇ ਰਾਜਾਂ ਵਿੱਚ ਭੇਜਿਆ, ਜਿੱਥੇ ਉਨ੍ਹਾਂ ਦੀ ਕੁਆਰੰਟੀਨ ਵਿਚ ਰੱਖਿਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਅਗਲੀ ਉਡਾਣ 30 ਮਈ ਨੂੰ ਯੂਕਰੇਨ ਤੋਂ ਮੁਹਾਲੀ ਹਵਾਈ ਅੱਡੇ ‘ਤੇ ਪਹੁੰਚੇਗੀ।