ਫ਼ਿਲਮ ਗੁੱਡੀਆਂ ਪਟੋਲੇ ਨੇ ਮਿੱਥ ਨੂੰ ਤੋੜਿਆ

0
19032

ਗੁਰਨਾਮ ਭੁੱਲਰ ਨੂੰ ਮੈਂ ਗਾਇਕ ਦੇ ਤੌਰ ਤੇ ਪਸੰਦ ਕਰਦਾ ਹਾਂ, ਮੇਰਾ ਇਹ ਮੰਨਣਾਂ ਹੈ ਕਿ ਉਹ ਇਸ ਖੇਤਰ ਵਿੱਚ ਲੰਮੀ ਰੇਸ ਦਾ ਘੋੜਾ ਹੈ। ਜਦੋਂ ਉਸਦੀ ਫਿਲਮ ਗੁੱਡੀਆਂ ਪਟੋਲੇ ਦਾ ਟ੍ਰੇਲਰ ਦੇਖਿਆ ਤਾਂ ਲੱਗਿਆ ਕਿ ਉਹਦੇ ਅੰਦਰ ਵੀ ਹੋਰ ਗਾਇਕਾਂ ਵਾਂਗ ਐਕਟਿੰਗ ਦਾ ਕੀੜਾ ਜਾਗ ਪਿਆ ਹੈ ਜਿਸਨੂੰ ਸ਼ਾਂਤ ਕਰਨ ਲਈ ਉਹ ਫਲਾਪ ਪੰਜਾਬੀ ਫਿਲਮਾਂ ਦੀ ਗਿਣਤੀ ਵਿੱਚ ਇਕ ਹੋਰ ਦਾ ਵਾਧਾ ਕਰੇਗਾ।ਪਰ ਜਦੋਂ ਫਿਲਮ ਦੇਖੀ ਤਾਂ ਮੈਨੂੰ ਆਪਣੀ ਸ਼ੰਕਾ ਨਿਰਮੂਲ ਜਾਪੀ।
ਜਦੋਂ ਕੋਈ ਵੱਖਰੀ ਤਰਾਂ ਦੀ ਫਿਲਮ ਆਉਂਦੀ ਹੈ ਤਾਂ ਸ਼ੱਕ ਹੀ ਹੁੰਦਾ ਕਿ ਪਤਾ ਨੀ ਦਰਸ਼ਕਾਂ ਵੱਲੋਂ ਉਹਨੂੰ ਹੁੰਗਾਰਾ ਮਿਲੂ ਜਾ ਨਹੀ। ਪਰ ਪਿਛਲੇ ਦਿਨੀਂ ਆਈਆਂ ਫਿਲਮਾਂ ਸੱਜਣ ਸਿੰਘ ਰੰਗਰੂਟ, ਕਿਸਮਤ, ਕਾਲਾ ਸ਼ਾਹ ਕਾਲਾ ਅਤੇ ਹੁਣ ਗੁੱਡੀਆਂ ਪਟੋਲੇ ਨੇ ਇਸ ਮਿੱਥ ਨੂੰ ਤੋੜਿਆ ਹੈ ਕਿ ਪੰਜਾਬੀ ਸਿਰਫ ਚੁਟਕਲਾਨੁਮਾ ਭੰਡਪੁਣਾ ਹੀ ਪਸੰਦ ਕਰਦੇ ਹਨ।ਗੁੱਡੀਆਂ ਪਟੋਲੇ ਕਹਾਂਣੀ ਹੈ ਘਰੋਂ ਭੱਜਕੇ ਵਿਦੇਸ਼ ਵਿਆਹ ਕਰਵਾਉਣ ਵਾਲੀ ਔਰਤ ਦੀਆਂ ਦੋ ਧੀਆਂ ਦੀ ਜੋ ਨਾਨਕਿਆਂ ਦੇ ਸੱਦੇ ਪੰਜਾਬ ਆਉਂਦੀਆਂ ਹਨ, ਐਥੇ ਆਕੇ ਉਹ ਕਿਵੇਂ ਵਿਚਰਦੀਆਂ ਹਨ, ਉਹਨਾਂ ਨਾਲ ਕੀ ਬੀਤਦੀ ਹੈ, ਇਹ ਦੇਖਦੇ ਹੀ ਬਣਦਾ ਹੈ।ਫਿਲਮ ਵਿੱਚ ਹਾਸਾ ਠੱਠਾ ਹੈ ਪਰ ਫਿਲਮ ਦਾ ਹਿੱਸਾ ਹੀ ਜਾਪਦਾ ਹੈ,ਕੋਈ ਵੀ ਪ੍ਰਸਿੱਧ ਕਮੇਡੀਅਨ ਨਾਂ ਹੋਣ ਦੇ ਬਾਵਜੂਦ ਐਸੀ ਕਮੇਡੀ ਪੈਦਾ ਹੁੰਦੀ ਹੈ ਕਿ ਤੁਹਾਡਾ ਹਾਸਾ ਨਹੀ ਰੁਕਦਾ।ਹਾਸੇ ਬਿਖੇਰਦੀ ਅੱਗੇ ਵਧਦੀ ਫਿਲਮ ਕਈ ਜਗਾਹ ਤੁਹਾਂਨੂੰ ਐਨਾਂ ਜਜ਼ਬਾਤੀ ਕਰ ਜਾਂਦੀ ਹੈ ਕਿ ਤੁਹਾਡੀਆਂ ਅੱਖਾਂ ਚੋਂ ਪਰਲ ਪਰਲ ਹੰਝੂ ਵਗਣ ਲੱਗਦੇ ਹਨ।
ਅਦਾਕਾਰੀ ਵਿੱਚ ਸੋਨਮ ਬਾਜਵਾ ਅਤੇ ਨਿਰਮਲ ਰਿਸ਼ੀ ਛਾ ਗਈਆਂ ਹਨ। ਸੋਨਮ ਨੇ ਇਕ ਵਿਗੜੀ ਹੋਈ ਕੁੜੀ ਕੈਸ਼ ਦਾ ਜੋ ਬੋਲਡ ਕਿਰਦਾਰ ਨਿਭਾਇਆ ਹੈ ਉਹ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਵਿੱਚ ਦੇਖਣ ਨੂੰ ਮਿਲਿਆਂ।ਪਹਿਲਾਂ ਤਕਰੀਬਨ ਹਰੇਕ ਫਿਲਮ ਵਿੱਚ ਉਸਦਾ ਰੋਲ ਇਕ ਦੱਬੂ ਜਿਹੀ ਕੁੜੀ ਦਾ ਹੁੰਦਾ ਸੀ, ਪਰ ਇੱਥੇ ਮੈਂ ਇਹ ਕਹਿ ਸਕਦਾਂ ਕਿ ਉਹਨੇ ਅਦਾਕਾਰੀ ਵਾਲੇ ਪੜਛੇ ਲਾਹ ਛੱਡੇ ਹਨ।ਉਹਦੀ ਜ਼ਿੰਦਗੀ ਦੀ ਹੁਣ ਤੱਕ ਦੀ ਬੈਸਟ ਪ੍ਰਫਾਰਮੈਂਸ ਆਖ ਸਕਦੇ ਹਾਂ।ਨਿਰਮਲ ਰਿਸ਼ੀ ਨੇ ਨਾਨੀ ਦੇ ਰੋਲ ਵਿੱਚ ਦੱਸ ਦਿੱਤਾ ਕਿ ਉਹ ਕਿਸ ਲੈਵਲ ਦੀ ਕਲਾਕਾਰ ਹੈ। ਕੁੜੀ ਦੇ ਭੱਜਕੇ ਵਿਆਹ ਕਰਵਾਉਣ ਤੋਂ
ਦੁਖੀ ਮਾਂ ਦੀ ਅੰਦਰਲੀ ਟੁੱਟ ਭੱਜ ਨੂੰ ਅਪਣੀ ਅਦਾਕਾਰੀ ਰਾਂਹੀ ਜਿਵੇਂ ਉਸਨੇ ਪਰਦੇ ਉੱਤੇ ਜੀਵਤ ਕਰ ਦਿੱਤਾ ਉਹ ਫਿਲਮ ਦਾ ਸਿਖਰ ਹੋ ਨਿਬੜਦੀ ਹੈ।
ਗੁਰਨਾਮ ਭੁੱਲਰ ਦੇ ਕਰਨ ਲਈ ਬਹੁਤ ਕੁਝ ਨਹੀ ਸੀ ਪਰ ਫੇਰ ਵੀ ਉਸਨੇ ਆਪਣੇ ਰੋਲ ਨਾਲ ਪੂਰਾ ਇਨਸਾਫ਼ ਕੀਤਾ। ਲਗਦਾ ਨਹੀ ਕਿ ਉਹਦੀ ਪਹਿਲੀ ਫਿਲਮ ਹੈ , ਇਸ ਫਿਲਮ ਤੋਂ ਬਾਅਦ ਉਸਨੂੰ ਬਹੁਤ ਫਿਲਮਾਂ ਮਿਲਣ ਵਾਲ਼ੀਆਂ ਹਨ।ਬਾਕੀ ਕਲਾਕਾਰਾਂ ਚੋਂ ਸੱਭ ਵੱਧ ਪ੍ਰਭਾਵਿਤ ਕੀਤਾ ਸੁਖਵਿਦਰ ਚਾਹਲ ਨੇ ਜੋ ਕੁੜੀਆਂ ਦਾ ਵੱਡਾ ਮਾਮਾ ਬਣਿਆ ਹੈ। ਗੁਰਮੀਤ ਸਾਜਨ ( ਛੋਟਾ-ਮਾਮਾਂ)ਤੋਂ ਇਸ ਵਾਰ ਉਹ ਬਾਜ਼ੀ ਮਾਰ ਗਿਆ।ਤਾਂਨੀਆਂ ਸਿੰਘ ਕੈਸ਼ ਦੀ ਛੋਟੀ ਭੈਣ ਦੇ ਰੂਪ ਵਿੱਚ ਸਲਾਹੁਣਯੋਗ ਰਹੀ। ਰੁਪਿੰਦਰ ਰੂਪੀ ਅਤੇ ਸੀਮਾ ਕੌਸ਼ਲ ਨੇ ਵੀ ਮਾਮੀਆਂ ਦੇ ਕਿਰਦਾਰ ਵਿੱਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ।
ਫਿਲਮ ਦਾ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨਵਾਂ ਹੈ ਪਰ ਕਈ ਕਹਿੰਦੇ ਕਹਾਂਉਦਿਆਂ ਤੋਂ ਵਧੀਆ ਨਿਭਿਆ ਹੈ।ਦੂਜੇ ਮੱਧ ਵਿੱਚ ਕਿਤੇ ਕਿਤੇ ਫਿਲਮ ਕੁਝ ਢਿੱਲੀ ਲੱਗੀ ਪਰ ਅੰਤ ਭਲੇ ਦਾ ਭਲਾ। ਲਗਦਾ ਹੁਣ ਪੰਜਾਬੀਆਂ ਦੀ ਨਬਜ਼ ਕਹਾਣੀਕਾਰ ਜਗਦੀਪ ਸਿੱਧੂ ਦੇ ਹੱਥ ਆ ਗਈ ਹੈ।ਨਿੱਕਾ ਜੈਲਦਾਰ1 ਅਤੇ 2, ਕਿਸਮਤ ਤੋਂ ਬਾਦ ਇਸ ਫਿਲਮ ਦੀ ਕਹਾਂਣੀ ਅਤੇ ਸੰਵਾਦ ਸਿੱਧੂ ਨੇ ਲਿਖੇ ਹਨ ਅਤੇ ਕਿਆ ਖ਼ੂਬ ਲਿਖੇ ਹਨ।ਫਿਲਮ ਦਾ ਸੰਗੀਤ ਤਿੰਨ ਸੰਗੀਤਕਾਰਾਂ ਨੇ ਤਿਆਰ ਕੀਤਾ ਹੈ ਅਤੇ ਦਮਦਾਰ ਹੈ। ਸਾਰੇ ਗਾਣੇਂ ਕਹਾਂਣੀ ਮੁਤਾਬਿਕ ਢੁਕਵੇਂ ਹਨ , ਸੁਰੀਲੇ ਹਨ।
ਫੋਟੋਗ੍ਰਾਫੀ ਬੱਸ ਠੀਕ ਠਾਕ ਹੀ ਹੈ, ਕਿਤੇ ਕਿਤੇ ਫਿਲਮ ਧੁੰਦਲੀ ਨਜ਼ਰ ਆਉਂਦੀ ਹੈ।
ਕੁਲ ਮਿਲਾਕੇ ਇਹ ਇਕ ਲੀਕ ਤੋਂ ਹਟਕੇ ਬਣੀ ਹੀਰੋਇਨ ਪ੍ਰਧਾਨ ਖ਼ੂਬਸੂਰਤ ਫਿਲਮ ਹੈ ।ਜੇ ਤੁਸੀ ਪੰਜਾਬੀ ਵਿੱਚ ਵੱਖਰਾ ਸਿਨੇਮਾਂ ਚਾਹੁੰਦੇ ਹੋ ਤਾਂ ਪਰਿਵਾਰ ਸਮੇਤ ਇਹ ਫਿਲਮ ਦੇਖੋ।