ਫਿਰੋਜ਼ਪੁਰ| ਫਿਰੋਜ਼ਪੁਰ ਜ਼ਿਲ੍ਹੇ ਵਿਚ ਪਿੰਡ ਮੱਲਾ ਰਹੀਮਕੇ ਵਿਚੋਂ ਲੰਘਦੇ ਮਾਈਨਰ ਕੋਲ 20 ਸਾਲਾ ਨੌਜਵਾਨ ਦਾ ਕਤਲ ਕਰਕੇ ਲਾਸ਼ ਸੁੱਟ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ।
ਮ੍ਰਿਤਕ ਸੋਨਾ ਦੇ ਪਿਤਾ ਨੇ ਦੱਸਿਆ ਕਿ ਉਸਦਾ ਵੱਡਾ ਪੁੱਤਰ ਸੋਨਾ ਰਾਤ 8 ਵਜੇ ਘਰੋਂ ਨਿਕਲਿਆ ਸੀ ਪਰ ਮੁੜ ਕੇ ਨਹੀਂ ਆਇਆ। ਦੇਰ ਰਾਤ ਘਰ ਨਾ ਪਹੁੰਚਣ ਉਤੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਗਿਆ ਪਰ ਕੋਈ ਸੁਰਾਗ ਨਹੀਂ ਮਿਲਿਆ।
ਅੱਜ ਸਵੇਰੇ ਪਿੰਡ ਮੱਲਾ ਰਹੀਮਕੇ ਦੇ ਇਕ ਵਿਅਕਤੀ ਨੇ ਪੀੜਤ ਪਰਿਵਾਰ ਨੂੰ ਮੋਬਾਇਲ ਉਤੇ ਦੱਸਿਆ ਕਿ ਸੋਨਾ ਦਾ ਲਾਸ਼ ਇਥੋਂ ਲੰਘਦੀ ਨਿਊ ਛਾਂਗਾ ਮਾਈਨਰ ਕੋਲ ਪਈ ਹੈ।
ਰਿਸ਼ਤੇਦਾਰ ਪੁਲਿਸ ਨੂੰ ਲੈ ਕੇ ਮੌਕੇ ਉਤੇ ਪੁੱਜੇ। ਸੋਨਾ ਦੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਸਨ। ਇਸ ਤੋਂ ਸਾਬਿਤ ਹੁੰਦਾ ਕਿ ਕਿਸੇ ਨੇ ਉਸਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਲਾਸ਼ ਨੂੰ ਇਥੇ ਸੁੱਟ ਦਿੱਤਾ।
ਥਾਣਾ ਮਮਦੋਟ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਪਿਤਾ ਦੇ ਬਿਆਨਾਂ ਉਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਪਿੱਛੋਂ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।