ਫਿਰੋਜ਼ਪੁਰ | ਇਥੋਂ ਇਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। 26 ਲੱਖ ਲਗਾ ਕੇ ਬਾਹਰ ਭੇਜੀ ਆਈਲੈਟਸ ਪਾਸ ਕੁੜੀ ਜਦੋਂ ਵਿਦੇਸ਼ ਜਾ ਕੇ ਵਿਆਹ ਤੋਂ ਮੁਕਰ ਗਈ ਤਾਂ ਮਾਮਲਾ ਥਾਣੇ ਜਾ ਪਹੁੰਚਿਆ । ਇਸ ਸਬੰਧ ਵਿਚ ਥਾਣਾ ਘੱਲਖੁਰਦ ਪੁਲਿਸ ਨੇ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰ 178 ਪੀਸੀ ਰਾਹੀਂ ਦਲਜੀਤ ਸਿੰਘ ਪੁੱਤਰ ਗੁਰਨੇਕ ਸਿੰਘ ਵਾਸੀ ਇੱਟਾਂ ਵਾਲੇ ਨੇ ਕਿਹਾ ਕਿ ਉਸ ਦੇ ਲੜਕੇ ਜਸਜੀਤ ਸਿੰਘ ਦਾ ਵਿਆਹ ਸੁਖਜੀਤ ਕੌਰ ਪੁੱਤਰੀ ਵਰਿੰਦਰ ਸਿੰਘ ਨਾਲ ਕਰਨ ਸਬੰਧੀ ਸਹਿਮਤੀ ਹੋਈ ਸੀ ਤੇ ਸੁਖਜੀਤ ਕੌਰ ਦੇ ਵਿਦੇਸ਼ ਜਾਣ ਦਾ ਸਾਰਾ ਖਰਚਾ ਉਸ ਵੱਲੋਂ ਕੀਤਾ ਗਿਆ। ਦਲਜੀਤ ਨੇ ਦੱਸਿਆ ਕਿ ਸੁਖਜੀਤ ਕੌਰ ਨੇ ਵਿਦੇਸ਼ ਜਾਣ ਤੋਂ ਬਾਅਦ ਨਾ ਤਾਂ ਉਸ ਦੇ ਲੜਕੇ ਨਾਲ ਵਿਆਹ ਕਰਵਾਇਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ।
ਇਸ ਤਰ੍ਹਾਂ ਦੋਸ਼ੀ ਮਨਜੀਤ ਕੌਰ ਪਤਨੀ ਵਰਿੰਦਰ ਸਿੰਘ, ਮਸ਼ੇਰ ਸਿੰਘ ਪੁੱਤਰ ਵਰਿੰਦਰ ਸਿੰਘ ਅਤੇ ਸੁਖਜੀਤ ਕੌਰ ਪੁੱਤਰੀ ਵਰਿੰਦਰ ਸਿੰਘ ਵਾਸੀਆਨ ਲੱਲ੍ਹੇ ਨੇ ਹਮਮਸ਼ਵਰਾ ਹੋ ਕੇ ਉਸ ਨਾਲ 26 ਲੱਖ ਰੁਪਏ ਦੀ ਠੱਗੀ ਮਾਰੀ ਹੈ। ਏਐੱਸਆਈ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕੀਤਾ ਹੈ।