ਫਿਰੋਜ਼ਪੁਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਪੈਂਦੇ ਪਿੰਡ ਜੰਗਾਂ ਵਾਲਾ ਮੋੜ ਵਿਖੇ ਟਰੱਕ ਤੇ ਮੋਟਰਸਾਈਕਲ ਰੇਹੜੀ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੂਬਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਸਦਰਦੀਨ ਵਾਲਾ ਨੇ ਦੱਸਿਆ ਕਿ ਉਸ ਦਾ ਪਿਤਾ ਬਲਬੀਰ ਸਿੰਘ (55 ਸਾਲ) ਪੁੱਤਰ ਅਮਰ ਸਿੰਘ ਵਾਸੀ ਸਦਰਦੀਨ ਵਾਲਾ ਰੇਹੜਾ ਮੋਟਰਸਾਈਕਲ ਲੈ ਕੇ ਖੇਤ ਵਿਚ ਪੱਠੇ ਲੈਣ ਜਾ ਰਿਹਾ ਸੀ।
ਜਦੋਂ ਬੱਸ ਅੱਡਾ ਪਿੰਡ ਜੰਗਾਂ ਵਾਲਾ ਮੋੜ ਕੋਲ ਪਹੁੰਚੇ ਤਾਂ ਸੜਕ ਪਾਰ ਕਰਦੇ ਸਮੇਂ ਫਾਜ਼ਿਲਕਾ ਸਾਈਡ ਤੋਂ ਇਕ ਟਰੱਕ ਘੋੜਾ ਟਰਾਲਾ ਤੇਜ਼ ਰਫਤਾਰ ਨਾਲ ਆਇਆ, ਜਿਸ ਨੂੰ ਭੰਵਰ ਸਿੰਘ ਪੁੱਤਰ ਜਵਾਹਰ ਸਿੰਘ ਵਾਸੀ ਪਿੰਡ ਝੰਜੂ, ਤਹਿਸੀਲ ਕੇਲਾਇਤ ਜ਼ਿਲ੍ਹਾ ਬੀਕਾਨੇਰ (ਰਾਜਸਥਾਨ) ਲਾਪ੍ਰਵਾਹੀ ਨਾਲ ਚਲਾ ਰਿਹਾ ਸੀ, ਨੇ ਟਰਾਲਾ ਉਸ ਦੇ ਪਿਤਾ ਦੇ ਮੋਟਰਸਾਈਕਲ ਰੇਹੜੀ ਵਿਚ ਮਾਰਿਆ, ਜਿਸ ਕਾਰਨ ਟਰੱਕ ਪਲਟ ਗਿਆ। ਇਸ ਹਾਦਸੇ ਵਿਚ ਉਸ ਦਾ ਪਿਤਾ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਏਐੱਸਆਈ ਜਸਪਾਲ ਚੰਦ ਨੇ ਦੱਸਿਆ ਕਿ ਪੁਲਿਸ ਨੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ।