ਗੋਲਡੀ ਬਰਾੜ ਨੂੰ ਲੈ ਕੇ FBI ਨੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ, ਸਿਆਸਤ ਵੀ ਗਰਮਾਈ

0
381

ਅਮਰੀਕਾ/ਚੰਡੀਗੜ੍ਹ। ਅਮਰੀਕਾ ਦੀ ਖੁਫੀਆ ਏਜੰਸੀ ਐਫਬੀਆਈ ਨੇ ਗੈਂਗਸਟਰ ਗੋਲਡੀ ਬਰਾੜ ਬਾਰੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ। ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਦਰਮਿਆਨ ਐਫਬੀਆਈ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਰਾਹੀਂ ਗੋਲਡੀ ਨਾਲ ਸਬੰਧਤ ਹੋਰ ਜਾਣਕਾਰੀ ਮੰਗੀ ਹੈ। ਇਸ ਨੂੰ ਗੋਲਡੀ ਬਰਾੜ ਨੂੰ ਜਲਦ ਹੀ ਭਾਰਤ ਲਿਆਉਣ ਦੀ ਪ੍ਰਕਿਰਿਆ ਨਾਲ ਜੋੜਿਆ ਜਾ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜਿਸ਼ਕਾਰ ਗੋਲਡੀ ਨੂੰ ਅਮਰੀਕੀ ਏਜੰਸੀ ਨੇ ਕੈਲੀਫੋਰਨੀਆ ਵਿੱਚ ਫੜ ਲਿਆ ਹੈ। ਮੁੱਖ ਮੰਤਰੀ ਮਾਨ ਨੇ ਵੀ ਪੁਸ਼ਟੀ ਕੀਤੀ ਸੀ ਕਿ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇਗਾ।

ਗੋਲਡੀ ਬਰਾੜ ‘ਤੇ ਸ਼ੁਰੂ ਹੋਈ ਸਿਆਸਤ
ਇਸ ਦੇ ਨਾਲ ਹੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ‘ਤੇ ਭਰੋਸਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਠੋਸ ਸੂਚਨਾ ਹੈ ਕਿ ਬਰਾੜ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸੀਐਮ ਮਾਨ ਦਾ ਬਿਆਨ ਗੁੰਮਰਾਹਕੁੰਨ ਹੈ। ਕੀ ਡੀਜੀਪੀ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਬਰਾੜ ਅਮਰੀਕਾ ਵਿੱਚ ਫੜੇ ਗਏ ਹਨ। ਜੇਕਰ ਉਹ ਸੱਚਮੁੱਚ ਫੜਿਆ ਗਿਆ ਹੈ ਤਾਂ ਇਸ ਨੂੰ ਜਨਤਕ ਕੀਤਾ ਜਾਵੇ।