ਪਿਤਾ ਦੀ ਅਪੀਲ ; ਅਗਨੀਵੀਰ ਅੰਮ੍ਰਿਤਪਾਲ ਨੂੰ ਮੰਨਿਆ ਜਾਵੇ ਸ਼ਹੀਦ, ਸਲਾਮੀ ਨਾ ਦੇਣ ਕਾਰਨ ਚੁੱਕੇ ਜਾ ਰਹੇ ਹਨ ਸਵਾਲ

0
1725

ਮਾਨਸਾ, 16 ਅਕਤੂਬਰ| ਭਾਰਤੀ ਫ਼ੌਜ ਵਿੱਚ ਅਗਨੀਵੀਰ ਵੱਜੋਂ ਭਰਤੀ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਦੇ ਅੰਮ੍ਰਿਤਪਾਲ ਸਿੰਘ ਦੇ ਸਸਕਾਰ ਮੌਕੇ ਭਾਰਤੀ ਫ਼ੌਜ ਵੱਲੋਂ ਸਲਾਮੀ ਨਾ ਦੇਣ ਕਾਰਨ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਮੰਨਦੇ ਹੋਏ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ ਜਿਸ ਬਾਅਦ ਪਰਿਵਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।

ਜੰਮੂ-ਕਸ਼ਮੀਰ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪੁੱਤਰ ਨੂੰ ਭਰਤੀ ਕਰਵਾ ਕੇ ਫ਼ੌਜ ਨੂੰ ਸੌਂਪ ਦਿੱਤਾ ਸੀ। ਫੌਜ ਦੀ ਵਰਦੀ ਪਾ ਕੇ ਉਹ ਫੌਜ ਦਾ ਬੇਟਾ ਹੋ ਗਿਆ ਸੀ ਪਰ ਹੁਣ ਫੌਜ ਉਸ ਨੂੰ ਸ਼ਹੀਦ ਨਾ ਮੰਨਣ ਦੀ ਜੋ ਗੱਲ ਕਹਿ ਰਹੀ ਹੈ ਇਸ ਨਾਲ ਬਹੁਤ ਦੁੱਖ ਲੱਗਾ ਹੈ।

ਉਨ੍ਹਾਂ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਸ਼ਹੀਦ ਮੰਨਦਾ ਹਾਂ ਕਿਉਂਕਿ ਉਸ ਨੇ ਦੇਸ਼ ਦੀ ਸਰਹੱਦ ਤੇ ਆਪਣੀ ਜਾਨ ਕੁਰਬਾਨ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਮੰਨੇ ਜਾਣ ’ਤੇ ਕਿਹਾ ਕਿ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਬੇਟੇ ਨੂੰ ਸ਼ਹੀਦ ਮੰਨਿਆ ਹੈ ਅਤੇ ਦੂਸਰੇ ਸ਼ਹੀਦਾਂ ਦੀ ਤਰ੍ਹਾਂ ਪਰਿਵਾਰ ਦੀ ਆਰਥਿਕ ਮਦਦ ਕਰਨ ਦਾ ਭਰੋਸਾ ਦਿੱਤਾ। ਅੰਮ੍ਰਿਤਪਾਲ ਸਿੰਘ ਦੇ ਪਿਤਾ ਗੁਰਦੀਪ ਸਿੰਘ ਤੇ ਚਾਚਾ ਸੁਖਜੀਤ ਸਿੰਘ ਨੇ ਭਾਰਤੀ ਫੌਜ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਦੇਣ।