ਟਾਂਡਾ ਉੜਮੁੜ/ਹੁਸ਼ਿਆਰਪੁਰ | ਆਦੇਸ਼ ਸਕੂਲ ਮਿਆਣੀ ਨੇੜੇ ਵਾਪਰੇ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਪਿਉ-ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਪਿਓ-ਪੁੱਤ ਅਨਾਜ ਮੰਡੀ ਤੋਂ ਘਰ ਪਰਤ ਰਹੇ ਸਨ।
ਮ੍ਰਿਤਕਾਂ ਦੀ ਪਛਾਣ ਪਰਗਟ ਸਿੰਘ ਤੇ ਉਸ ਦੇ ਪੁੱਤਰ ਅੰਸ਼ਪ੍ਰੀਤ ਸਿੰਘ (13) ਵਜੋਂ ਹੋਈ। ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦਾ ਸ਼ਾਮ ਨੂੰ ਇਕੱਠੇ ਹੀ ਅੰਤਿਮ ਸੰਸਕਾਰ ਕੀਤਾ ਗਿਆ। ਬੇਹੱਦ ਗਮਗੀਨ ਮਾਹੌਲ ‘ਚ ਇਕੋ ਸਮੇਂ ਦੋਵੇਂ ਚਿਤਾਵਾਂ ਜਲਾਈਆਂ ਗਈਆਂ।
ਮ੍ਰਿਤਕ ਭਰਾ ਦੀਆਂ ਦੋਵੇਂ ਭੈਣਾਂ ਹਰਲੀਨ ਕੌਰ ਤੇ ਪਲਕਪ੍ਰੀਤ ਕੌਰ ਨੇ ਅੰਸ਼ਪ੍ਰੀਤ ਦੇ ਸਿਰ ‘ਤੇ ਸਿਹਰਾ ਸਜਾ ਕੇ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਹਰ ਇਕ ਦੀ ਅੱਖ ਨਮ ਦਿਖਾਈ ਦਿੱਤੀ।
ਸੂਚਨਾ ਮਿਲਣ ਤੋਂ ਬਾਅਦ ਇੰਸਪੈਕਟਰ ਰਮਨਦੀਪ ਕੁਮਾਰ ਤੇ ASI ਮਨਿੰਦਰ ਕੌਰ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਪਰਗਟ ਸਿੰਘ ਦੇ ਚਾਚਾ ਦਲੀਪ ਸਿੰਘ ਦੇ ਬਿਆਨਾਂ ‘ਤੇ ਪੁਲਿਸ ਨੇ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੜਕ ‘ਤੇ ਲੱਗੇ CCTV ਕੈਮਰਿਆਂ ਦੀ ਮਦਦ ਨਾਲ ਟੱਕਰ ਮਾਰਨ ਵਾਲੇ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।