ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਿਓ-ਪੁੱਤ ਬੇਸਬੈਟਾਂ ਨਾਲ ਕੁੱਟੇ, ਪੁੱਤ ਦੀ ਮੌਤ, ਬਾਪ ਸੀਰੀਅਸ

0
1818

ਗੁਰਦਾਸਪੁਰ/ਬਟਾਲਾ/ਕਾਦੀਆਂ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਸਾਲਾਹਪੁਰ ਵਿਚ ਸੋਮਵਾਰ ਦੇਰ ਸ਼ਾਮ 200 ਰੁਪਏ ਦੇ ਲੈਣ-ਦੇਣ ਨੂੰ ਲੈ ਮੁਲਜ਼ਮਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਪਿਓ-ਪੁੱਤ ਦੀ ਬੇਸਬੈਟ ਨਾਲ ਕੁੱਟਮਾਰ ਕੀਤੀ, ਜਿਸ ਵਿਚ ਪਿਉ-ਪੁੱਤਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਲਾਜ ਦੌਰਾਨ ਪੁੱਤਰ ਦੀ ਮੌਤ ਹੋ ਗਈ ਤੇ ਪਿਤਾ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਸੁਖਪ੍ਰੀਤ ਸਿੰਘ (19) ਦੇ ਚਾਚਾ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਸੁਖਪ੍ਰੀਤ ਸਿੰਘ ਦਾ ਪਿੰਡ ਦੇ ਹੀ ਇਕ ਲੜਕੇ ਨਾਲ 200 ਰੁਪਏ ਦਾ ਲੈਣ-ਦੇਣ ਹੋਇਆ ਸੀ। ਇਸ ਕਾਰਨ ਨੌਜਵਾਨ ਨੇ 2 ਹੋਰ ਸਾਥੀਆਂ ਸਮੇਤ ਸੁਖਪ੍ਰੀਤ ਸਿੰਘ ਦੇ ਘਰ ਦਾਖਲ ਹੋ ਕੇ ਉਸਨੂੰ ਤੇ ਉਸ ਦੇ ਪਿਤਾ ਮੰਗਲ ਸਿੰਘ ‘ਤੇ ਬੇਸਬਾਲਾਂ ਨਾਲ ਹਮਲਾ ਕਰਕੇ ਦੋਵਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

ਮ੍ਰਿਤਕ ਦੇ ਪਿਤਾ ਦਾ ਸਰਕਾਰੀ ਹਸਪਤਾਲ ਭਾਮ ਵਿਚ ਇਲਾਜ ਚੱਲ ਰਿਹਾ ਸੀ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵੀ ਬਟਾਲਾ ਰੈਫਰ ਕਰ ਦਿੱਤਾ ਗਿਆ ਹੈ। ਸੁਖਪ੍ਰੀਤ ਸਿੰਘ ਅਤੇ ਮੁਲਜ਼ਮ ਦੋਵੇਂ ਇਕੱਠੇ ਮਜ਼ਦੂਰੀ ਕਰਦੇ ਸਨ ਅਤੇ 200 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ।

ਹਸਪਤਾਲ ‘ਚ ਦਾਖਲ ਜ਼ਖਮੀ ਮੰਗਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸਲਾਹਪੁਰ ਦੇ ਬਿਆਨਾਂ ਦੇ ਆਧਾਰ ‘ਤੇ ਲੱਕੀ ਪੁੱਤਰ ਬਲਵਿੰਦਰ ਸਿੰਘ, ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਈਸ਼ਵਰ ਪੁੱਤਰ ਮਲਾਗਰ ਸਿੰਘ ਵਾਸੀਆਨ ਪਿੰਡ ਸਲਾਹਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।