ਸੂਬੇ ’ਚ ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਸਰਚ ਅਭਿਆਨ, ਕਈ ਘਰਾਂ ਨੂੰ ਤਾਲੇ ਲਗਾ ਕੇ ਭੱਜੇ ਲੋਕ

0
1647

ਬਰਨਾਲਾ/ਲੁਧਿਆਣਾ, 8 ਜਨਵਰੀ | ਬੱਸ ਸਟੈਂਡ ਬਰਨਾਲਾ ਦੇ ਬੈਕਸਾਈਡ ਨਸ਼ਿਆਂ ਲਈ ਬਦਨਾਮ ਸੈਂਸੀ ਬਸਤੀ ’ਚ ਜ਼ਿਲ੍ਹਾ ਪੁਲਿਸ ਦੇ ਐੱਸਐੱਸਪੀ ਸੰਦੀਪ ਮਲਿਕ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ਼ ਸਰਚ ਅਭਿਆਨ ਕੀਤਾ ਜਾ ਰਿਹਾ ਹੈ। ਬਸਤੀ ਨੂੰ ਜਾਂਦੇ ਰਸਤੇ ਪੁਲਿਸ ਵੱਲੋਂ ਸੀਲ ਕੀਤੇ ਗਏ ਹਨ। ਇਸ ਸਰਚ ਅਭਿਆਨ ’ਚ ਹਰ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਕਈ ਘਰਾਂ ’ਚੋਂ ਪਰਿਵਾਰ ਗਾਇਬ ਹੋਣ ਦੀ ਸੂਚਨਾ ਹੈ।

ਏਡੀਜੀਪੀ ਚੰਦਰ ਸ਼ੇਖਰ ਦੀ ਅਗਵਾਈ ਹੇਠ ਅੱਜ ਗੁਰਦਾਸਪੁਰ ਵਿਚ ਕਾਸੋ ਮੁਹਿੰਮ ਤਹਿਤ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਆਪਰੇਸ਼ਨ ਤਹਿਤ ਸਵੇਰੇ 100 ਤੋਂ ਵੱਧ ਪੁਲਿਸ ਮੁਲਾਜ਼ਮ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਪਹੁੰਚੇ। ਪੁਲਿਸ ਟੀਮ ਵਿਚ ਐਸਐਸਪੀ ਦਯਾਮਾ ਹਰੀਸ਼ ਤੋਂ ਇਲਾਵਾ ਐਸਪੀ, ਡੀਐਸਪੀ ਰੈਂਕ ਦੇ ਕਈ ਅਧਿਕਾਰੀ ਵੀ ਮੌਜੂਦ ਸਨ। ਟੀਮ ਨੇ 150 ਤੋਂ ਵਧ ਘਰਾਂ ਦੀ ਤਲਾਸ਼ੀ ਲਈ, ਜਿਸ ਦੌਰਾਨ ਕਈ ਨਸ਼ੀਲੇ ਪਦਾਰਥ ਬਰਾਮਦ ਹੋਣ ਦੀ ਵੀ ਖ਼ਬਰ ਹੈ। ਇਹ ਤਲਾਸ਼ੀ ਮੁਹਿੰਮ ਦੁਪਹਿਰ ਤਕ ਜਾਰੀ ਰਹੇਗੀ।

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚ ਆਪਰੇਸ਼ਨ CASO ਤਹਿਤ ਨਸ਼ਾ ਤਸਕਰਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਘੋੜਾ ਕਾਲੋਨੀ, ਸੀਆਰਪੀ ਕਾਲੋਨੀ, ਗਿਆਸਪੁਰਾ ਦੇ ਸੂਰਜ ਨਗਰ ਅਤੇ ਸਲੇਮ ਟਾਬਰੀ ਦੇ ਪੀਰੂ ਬੰਦਾ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਅੱਜ 500 ਦੇ ਕਰੀਬ ਪੁਲਿਸ ਮੁਲਾਜ਼ਮ ਸ਼ਹਿਰ ਦੇ ਨਸ਼ਾ ਤਸਕਰਾਂ ‘ਤੇ ਛਾਪੇਮਾਰੀ ਕਰਨ ‘ਚ ਲੱਗੇ ਹੋਏ ਹਨ।

ADGP ਸੁਨੀਤਾ ਪੂੰਜ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਖ਼ੁਦ ਫੀਲਡ ਵਿਚ ਦਾਖ਼ਲ ਹੋ ਕੇ ਰੇਡ ਪੁਆਇੰਟ ਦੀ ਜਾਂਚ ਕਰ ਰਹੇ ਹਨ। ਇਸ ਸਰਚ ਆਪਰੇਸ਼ਨ ਵਿਚ ਕਰੀਬ 7 ਤੋਂ 10 ਥਾਣਿਆਂ ਦੀ ਪੁਲਿਸ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਤਲਾਸ਼ੀ ਲੈਣ ਦੀ ਖ਼ਬਰ ਮਿਲਦਿਆਂ ਹੀ ਕਈ ਲੋਕ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਇਧਰ-ਉਧਰ ਚਲੇ ਗਏ। ਤਲਾਸ਼ੀ ਮੁਹਿੰਮ ਦੌਰਾਨ ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਚੈਕਿੰਗ ਕੀਤੀ ਗਈ।

ਪੁਲਿਸ ਨੂੰ ਲੰਮੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਥੇ ਚਿੱਟਾ ਵੇਚਣ ਵਾਲੇ ਨਸ਼ਾ ਤਸਕਰ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ। ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਅੱਜ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਨੇ ਨਸ਼ਾ ਤਸਕਰਾਂ ਦੀ ਵੱਖਰੀ ਸੂਚੀ ਤਿਆਰ ਕੀਤੀ ਹੈ ਜੋ ਜ਼ਮਾਨਤ ‘ਤੇ ਜੇਲ੍ਹ ਤੋਂ ਘਰ ਆਏ ਹਨ। ਪੁਲਿਸ ਜ਼ਮਾਨਤ ‘ਤੇ ਬਾਹਰ ਆਏ ਲੋਕਾਂ ਦੇ ਘਰ ਵੀ ਜਾ ਰਹੀ ਹੈ। ਪੁਲਿਸ ਉਨ੍ਹਾਂ ਲੋਕਾਂ ਦੇ ਘਰਾਂ ਦੀ ਵੀ ਚੈਕਿੰਗ ਕਰ ਰਹੀ ਹੈ। ਕਈ ਸੜਕਾਂ ਦੇ ਬਾਹਰ ਪੁਲਿਸ ਬਲ ਵੀ ਤਾਇਨਾਤ ਕੀਤੇ ਗਏ ਸਨ। ਇਸ ਦਾ ਕਾਰਨ ਇਹ ਸੀ ਕਿ ਛਾਪੇਮਾਰੀ ਦੌਰਾਨ ਨਸ਼ਾ ਤਸਕਰ ਭੱਜ ਨਾ ਸਕੇ।