ਫਤਿਹਗੜ੍ਹ ਸਾਹਿਬ : SHO ਤੇ ਮੁਨਸ਼ੀ ਤੋਂ ਤੰਗ ਹੋ ਕੇ ਨਹਿਰ ‘ਚ ਛਾਲ ਮਾਰਨ ਵਾਲੇ ASI ਦੀ ਲਾਸ਼ ਬਰਾਮਦ

0
2581

ਫਤਿਹਗੜ੍ਹ ਸਾਹਿਬ, 14 ਦਸੰਬਰ| ਸਰਹਿੰਦ ਦੇ ਜੀਆਰਪੀ ਵਿੱਚ ਤਾਇਨਾਤ ਏਐਸਆਈ ਸੁਖਵਿੰਦਰ ਪਾਲ ਸਿੰਘ ਦੀ ਲਾਸ਼ ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਨਹਿਰ ਵਿੱਚੋਂ ਬਰਾਮਦ ਹੋਈ ਹੈ। SHO ਤੇ ਮੁਨਸ਼ੀ ਤੋਂ ਨਾਰਾਜ਼ ਹੋਏ ASI ਨੇ ਸਰਹਿੰਦ ਭਾਖੜਾ ਨਹਿਰ ‘ਚ  ਛਾਲ ਮਾਰੀ ਸੀ।

ਮ੍ਰਿਤਕ ਦੀ ਕਾਰ ਭਾਖੜਾ ਨਹਿਰ ਦੇ ਕੰਢੇ ਖੜ੍ਹੀ ਮਿਲੀ ਸੀ ਅਤੇ ਪੁਲਿਸ ਨੂੰ ਏਐਸਆਈ ਦਾ ਸੁਸਾਈਡ ਨੋਟ ਵੀ ਨੇੜੇ ਹੀ ਮਿਲਿਆ ਸੀ। ਇਸ ਵਿੱਚ ਜੀਆਰਪੀ ਸਰਹਿੰਦ ਦੇ ਐਸਐਚਓ ਅਤੇ ਮੁਨਸ਼ੀ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਸਨ। ਪੁਲਿਸ ਦੋ ਦਿਨਾਂ ਤੋਂ ਲਾਪਤਾ ਏਐਸਆਈ ਸੁਖਵਿੰਦਰ ਪਾਲ ਸਿੰਘ ਦੀ ਭਾਲ ਕਰ ਰਹੀ ਸੀ।

ਏਐਸਆਈ ਸੁਖਵਿੰਦਰ ਪਾਲ ਸਿੰਘ ਨੂੰ ਸਰਹਿੰਦ ਜੀਆਰਪੀ ਵਿਖੇ ਤਾਇਨਾਤ ਕੀਤਾ ਗਿਆ ਸੀ। ਉਹ ਡਿਊਟੀ ਤੋਂ ਆਪਣੇ ਘਰ ਪਿੰਡ ਚਰਨਾਰਥਲ ਨਹੀਂ ਪਹੁੰਚਿਆ ਸੀ ਅਤੇ ਸਵੇਰੇ ਉਸ ਦੀ ਕਾਰ ਭਾਖੜਾ ਨਹਿਰ ਸਰਹਿੰਦ ਨੇੜੇ ਪਈ ਮਿਲੀ। ਇਸ ਦੇ ਨੇੜੇ ਇਕ ਸੁਸਾਈਡ ਨੋਟ ਵੀ ਮਿਲਿਆ ਸੀ।

ਗੋਤਾਖੋਰਾਂ ਦੀ ਮਦਦ ਨਾਲ ਏਐਸਆਈ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਦੀ ਬੁੱਧਵਾਰ ਨੂੰ ਲਾਸ਼ ਬਰਾਮਦ ਹੋਈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਮੂਲੇਪੁਰ ਦੇ ਐਸ.ਐਚ.ਓ ਗੁਰਦੀਪ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਫ਼ਤਹਿਗੜ੍ਹ ਫ਼ਤਹਿਗੜ੍ਹ ਸਾਹਿਬ ਲਿਆਂਦਾ ਜਾ ਰਿਹਾ ਹੈ।

ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਮ੍ਰਿਤਕ ਏਐਸਆਈ ਸੁਖਵਿੰਦਰ ਪਾਲ ਸਿੰਘ ਨੇ ਸੁਸਾਈਡ ਨੋਟ ਵਿੱਚ ਲਿਖਿਆ ਸੀ ਕਿ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁਨਸ਼ੀ ਗੁਰਿੰਦਰ ਸਿੰਘ ਢੀਂਡਸਾ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਸਨ।

ਸਾਲ 2022 ਦੀ ਐਫ.ਆਈ.ਆਰ. ਨੰਬਰ 18 ਵਿੱਚ ਚਲਾਨ ਪੇਸ਼ ਕਰਨ ਲਈ ਉਸ ਨੂੰ ਹੋਰ ਤੰਗ ਕੀਤਾ ਜਾ ਰਿਹਾ ਸੀ। ਇਸ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਰੇਲਵੇ ਪੁਲਿਸ ਦੇ ਡੀਐਸਪੀ ਜਗਮੋਹਨ ਸਿੰਘ ਨੇ ਕਿਹਾ ਸੀ ਕਿ ਸਰਹਿੰਦ ਦੇ ਐਸਐਚਓ ਅਤੇ ਮੁਨਸ਼ੀ ਦੋਵਾਂ ਨੂੰ ਲਾਈਨ ਹਾਜ਼ਰ ਕਰਨ ਲਈ ਕਿਹਾ ਗਿਆ ਹੈ।