ਫ਼ਤਿਹਗੜ੍ਹ ਸਾਹਿਬ, 17 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਕਰੋੜਾਂ ਦੀ ਜਾਇਦਾਦ ਅਤੇ ਲੱਖਾਂ ਰੁਪਏ ਦੇ ਬੈਂਕ ਬੈਲੇਂਸ ਦੀ ਮਾਲਕ 82 ਸਾਲ ਦੀ ਬਜ਼ੁਰਗ ਔਰਤ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਭਤੀਜੀ ਅਤੇ ਉਸ ਦੇ ਪਤੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਫ਼ਤਿਹਗੜ੍ਹ ਸਾਹਿਬ ਅਧੀਨ ਆਉਂਦੇ ਥਾਣਾ ਖੇੜੀ ਨੌਧ ਸਿੰਘ ਪੁਲਿਸ ਅਨੁਸਾਰ ਮੌਤ ਦੀ ਘਟਨਾ 7 ਜੁਲਾਈ ਦੀ ਹੈ। ਜਾਣਕਾਰੀ ਮੁਤਾਬਕ ਆਰੋਪੀ ਅਫੀਮ ਘੋਲ ਕੇ ਬਜ਼ੁਰਗ ਔਰਤ ਨੂੰ ਪੀਣ ਲਈ ਦਿੰਦੇ ਸੀ। ਉਸ ਦੀ ਸਿਹਤ ਵਿਗੜਨ ‘ਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਛੁੱਟੀ ਮਿਲਣ ਤੋਂ ਬਾਅਦ ਭਤੀਜੀ ਔਰਤ ਨੂੰ ਸਿੰਘ ਭਗਵੰਤਪੁਰਾ ਸਥਿਤ ਉਸ ਦੇ ਘਰ ਛੱਡ ਗਈ, ਜਿਥੇ ਉਸ ਦੀ ਮੌਤ ਹੋ ਗਈ। ਅਫੀਮ ਦੇਣ ਦੀ ਗੱਲ ਫੋਨ ਰਿਕਾਰਡਿੰਗ ਰਾਹੀਂ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਪਿੰਡ ਪਟਿਆਲਾ ਦੇ ਵਸਨੀਕ ਕਮਲਜੀਤ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਤਿਹਗੜ੍ਹ ਸਾਹਿਬ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ 82 ਸਾਲਾ ਮਾਸੀ ਪ੍ਰੇਮ ਕੌਰ ਦੇ ਕੋਈ ਔਲਾਦ ਨਹੀਂ ਹੈ। ਪ੍ਰੇਮ ਕੌਰ ਆਪਣੀ ਭਤੀਜੀ ਜਸਵਿੰਦਰ ਕੌਰ ਨੂੰ ਕੁੱਝ ਸਮੇਂ ਲਈ ਉਸ ਨੂੰ ਆਪਣੇ ਸਹੁਰੇ ਪਿੰਡ ਲੁਹਾਰਾਮਾਜਰਾ ਖੁਰਦ ਲੈ ਗਈ ਸੀ।